ਬਰਨਾਲਾ:ਦੇਸ਼ ਭਰ ਵਿੱਚ 32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 400 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਬੁਲਾਰਿਆਂ ਨੇ ਧਰਨੇ ਦੇ 400 ਦਿਨ ਪੂਰੇ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ। ਆਗੂਆਂ ਨੇ ਕਿਹਾ ਕਿ ਇੰਨਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਧਰਨੇ ਦਾ ਜੋਸ਼ 'ਤੇ ਉਤਸ਼ਾਹ ਬਰਕਰਾਰ ਹੈ। ਇਨ੍ਹਾਂ 400 ਦਿਨਾਂ ਦੌਰਾਨ ਧਰਨਾਕਾਰੀਆਂ ਨੇ ਨਾ ਸਿਰਫ ਅੱਤ ਦੀ ਗਰਮੀ, ਸਰਦੀ, ਮੀਂਹ, ਹਨੇਰੀ ਯਾਨੀ ਕੁਦਰਤ ਦੀਆਂ ਸਾਰੀਆਂ ਦੁਸ਼ਵਾਰੀਆਂ ਆਪਣੇ ਸਰੀਰਾਂ 'ਤੇ ਝੱਲੀਆਂ ਸਗੋਂ ਸਰਕਾਰੀ ਸਾਜਿਸ਼ਾਂ 'ਤੇ ਕੋਝੇ ਹੱਥ ਕੰਡਿਆਂ ਦਾ ਵੀ ਸਾਹਮਣਾ ਕੀਤਾ। ਧਰਨੇ ਵਿੱਚ ਸਾਰੇ ਇਤਿਹਾਸਕ ਦਿਹਾੜੇ ਵੀ ਮਨਾਏ ਗਏ ਅਤੇ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਸਾਡੇ ਜੁਝਾਰੂ ਵਿਰਸੇ ਨੂੰ ਵੀ ਉਭਾਰਿਆ ਗਿਆ। ਆਗੂਆਂ ਨੇ ਕਿਹਾ ਕਿ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।
ਅੱਜ ਬੰਦੀ-ਛੋੜ ਦਿਵਸ ਮੌਕੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਤੇ ਸਿੱਖਿਆਵਾਂ ਉਪਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕ ਵੀ, ਲੋਕਾਂ ਨੂੰ ਸ਼ਲਾਖਾਂ ਪਿਛੇ ਬੰਦ ਕਰਨ ਦੇ ਪੱਖ ਤੋਂ, ਉਸ ਸਮੇਂ ਦੇ ਰਾਜੇ ਜਹਾਂਗੀਰ ਤੋਂ ਕਿਸੇ ਗੱਲੋਂ ਘੱਟ ਨਹੀਂ। ਦਰਜਨਾਂ ਬੁੱਧੀਜੀਵੀ, ਬਗੈਰ ਕਿਸੇ ਦੋਸ਼ ਤੋਂ, ਕਈ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ। ਅਜੋਕੇ ਬੰਦੀਆਂ ਨੂੰ ਛੁਡਾਉਣ ਲਈ ਸਾਨੂੰ ਸਿਰਫ ਆਪਣੇ ਜਥੇਬੰਦਕ ਏਕੇ ਦਾ ਹੀ ਸਹਾਰਾ ਹੈ। ਇਸ ਏਕੇ ਨੂੰ ਹੋਰ ਮਜ਼ਬੂਤ ਕਰੋ।