ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬਰਨਾਲਾ ਦੇ ਮਹਿਲ ਕਲਾਂ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਬੀਤੀ 5 ਅਕਤੂਬਰ ਨੂੰ ਇਸ ਧਰਨੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਯਸ਼ਪਾਲ ਮਹਿਲ ਕਲਾਂ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ ਸੀ। ਕਿਸਾਨ ਆਗੂ ਯਸ਼ਪਾਲ ਦੀ ਕਿਸਾਨੀ ਸੰਘਰਸ਼ ਦੌਰਾਨ ਹੋਈ ਮੌਤ ਦੇ ਕਾਰਨ 31 ਕਿਸਾਨ ਜਥੇਬੰਦੀਆਂ ਨੇ ਆਪਣੇ ਸਾਥੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ। ਸਾਥੀ ਯਸ਼ਪਾਲ ਦੇ ਅੰਤਿਮ ਸਸਕਾਰ ਮੌਕੇ ਕਿਸਾਨ ਜਥੇਬੰਦੀਆਂ ਆਪਣੇ ਕਿਸਾਨ ਯੂਨੀਅਨ ਦੇ ਝੰਡੇ ਨੂੰ ਹੇਠਾਂ ਕਰਕੇ 2 ਮਿੰਟ ਲਈ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ। ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਯਸ਼ਪਾਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਭਾਰਤੀ ਮਾਰਕਸਵਾਦੀ ਪਾਰਟੀ ਦੇ ਜਰਨਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਯਸ਼ਪਾਲ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਸਾਡੇ ਇਸ ਸੰਘਰਸ਼ 'ਤੇ ਬਹੁਤ ਡੂੰਘਾ ਅਸਰ ਪਵੇਗਾ। ਖੇਤੀ ਬਿਲਾਂ ਦੇ ਵਿਰੋਧ ਵਿੱਚ ਯਸ਼ਪਾਲ ਜਮਹੂਰੀ ਕਿਸਾਨ ਸਭਾ ਦੇ ਨੁਮਾਇੰਦਗੀ ਕਰਦੇ ਸੰਘਰਸ਼ ਕਰ ਰਹੇ ਸਨ ਅਤੇ 1 ਅਕਤੂਬਰ ਤੋਂ ਲਗਾਤਾਰ ਮਹਿਲ ਕਲਾਂ ਟੋਲ ਪਲਾਜ਼ਾ 'ਤੇ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਸਨ।