ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਉਥੇ ਪੰਜਾਬ ਵਿੱਚ ਨਗਰ ਕੌਂਸ਼ਲ ਚੋਣਾਂ ਦੀਆਂ ਸਰਗਰਮੀਆਂ ਵੀ ਤੇਜ਼ ਹਨ। ਅੱਜ ਬਰਨਾਲਾ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਭਾਜਪਾ ਉਮੀਦਵਾਰ ਚੋਣ ਰੈਲੀ ਕਰ ਰਹੇ ਸਨ ਅਤੇ ਰੈਲੀ ਵਾਲੀ ਥਾਂ ’ਤੇ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਪਹੁੰਚ ਗਏ। ਕਿਸਾਨਾਂ ਨੇ ਭਾਜਪਾ ਵਾਲਿਆਂ ਦੀ ਚੋਣ ਰੈਲੀ ’ਤੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਨਗਰ ਕੌਂਸ਼ਲ ਚੋਣ ਲੜ ਰਹੀ ਪਤਨੀ ਆਪਣੇ ਵਾਰਡ ਵਿੱਚ ਚੋਣ ਰੈਲੀ ਕਰ ਰਹੇ ਸਨ। ਜਿਸਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਅਤੇ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਪਹੁੰਚ ਗਏ। ਕਿਸਾਨਾਂ ਨੇ ਚੋਣ ਰੈਲੀ ਵਾਲੀ ਜਗਾ ’ਤੇ ਪਹੁੰਚ ਕੇ ਮੋਦੀ ਸਰਕਾਰ ਅਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕਰ ਦਿੱਤੀ। ਉਧਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਦੂਜੇ ਪਾਸੇ ਭਾਜਪਾ ਉਮੀਦਵਾਰ ਦੇ ਸਮਰੱਥਕਾਂ ਵਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਸਨੂੰ ਕਾਂਗਰਸੀ ਪਾਰਟੀ ਦੀ ਸ਼ਰਾਰਤ ਕਰਾਰ ਦਿੱਤਾ।
ਭਾਜਪਾ ਉਮੀਦਵਾਰ ਦੀ ਚੋਣ ਰੈਲੀ ’ਚ ਪਹੁੰਚੇ ਕਿਸਾਨ, ਮਾਹੌਲ ਹੋਇਆ ਤਣਾਅ ਪੂਰਨ ਭਾਜਪਾ ਦੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਰੋਕ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਦੋਂਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੇ ਸੱਦੇ ਅਨੁਸਾਰ ਕਿਸੇ ਭਾਜਪਾ ਉਮੀਦਵਾਰ ਨੂੰ ਚੋਣ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਘਟਨਾ ਮੌਕੇ ਬਰਨਾਲਾ ਦੇ ਡੀਐਸਪੀ ਵਲੋਂ ਭਾਰੀ ਪੁਲਿਸ ਫ਼ੋਰਸ ਨੂੰ ਨਾਲ ਲੈ ਕੇ ਮਾਹੌਲ ਸ਼ਾਂਤਮਈ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਤੀ ਕਾਨੂੰਨ ਬਣਾ ਕੇ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਰਕੇ ਕਿਸਾਨ ਜੱਥੇਬੰਦੀਆਂ ਵਲੋਂ ਭਾਜਪਾ ਦੇ ਰਾਜਸੀ ਅਤੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਨਗਰ ਕੌਂਸ਼ਲ ਚੋਣਾਂ ਦੌਰਾਨ ਚੋਣ ਰੈਲੀ ਕਰਨ ਵਾਲੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਅੱਜ ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨਗਰ ਕੌਸ਼ਲ ਚੋਣਾਂ ਨੂੰ ਲੈ ਕੇ ਚੋਣ ਰੈਲੀ ਕਰ ਰਹੇ ਸਨ। ਜਿਸਦਾ ਉਹਨਾਂ ਵਲੋਂ ਰੈਲੀ ਵਾਲੀ ਜਗਾ ’ਤੇ ਪਹੁੰਚ ਕੇ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨਾਂ ਸਮਾਂ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ।
ਭਾਜਪਾ ਉਮੀਦਵਾਰ ਦੀ ਚੋਣ ਰੈਲੀ ’ਚ ਪਹੁੰਚੇ ਕਿਸਾਨ, ਮਾਹੌਲ ਹੋਇਆ ਤਣਾਅ ਪੂਰਨ ਉਧਰ ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਹੱਕ ਵਿੱਚ ਆਪਣੇ ਵਾਰਡ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਜਿਸ ਦੌਰਾਨ ਕੁੱਝ ਲੋਕਾਂ ਵਲੋਂ ਆ ਕੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਾਂਗਰਸ ਸਰਕਾਰ ਦੀ ਸ਼ਹਿ ’ਤੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਵੀ ਕਰਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰਿਸ਼ੀਗੰਗਾ ਘਾਟੀ 'ਚ ਝੀਲ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ