ਬਰਨਾਲਾ: ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਦੀ ਹਮਾਇਤ ਕੀਤੀ ਤੇ ਇਸ ਨੂੰ ਕਿਸਾਨ ਪੱਖੀ ਦੱਸਿਆ ਹੈ। ਇਸ ਸਬੰਧੀ ਸੁਖਬੀਰ ਬਾਦਲ ਦੇ ਬਿਆਨ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਹੈ।
ਖੇਤੀ ਆਰਡੀਨੈਂਸ ਬਾਰੇ ਸੁਖਬੀਰ ਬਾਦਲ ਦੇ ਬਿਆਨ 'ਤੇ ਭੜਕੇ ਕਿਸਾਨ, ਕੀਤਾ ਪਲਟਵਾਰ - ਕਿਸਾਨ ਜਥੇਬੰਦੀਆਂ 'ਚ ਭਾਰੀ ਰੋਸ
ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਸਾਨ ਜਥੇਬੰਦੀਆਂ, ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਕਿਸਾਨਾਂ ਨੂੰ ਗੁੰਮਰਾਹ ਕੀਤੇ ਜਾਣ ਦਾ ਬਿਆਨ ਦਿੱਤਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ 'ਚ ਭਾਰੀ ਰੋਸ ਹੈ।
![ਖੇਤੀ ਆਰਡੀਨੈਂਸ ਬਾਰੇ ਸੁਖਬੀਰ ਬਾਦਲ ਦੇ ਬਿਆਨ 'ਤੇ ਭੜਕੇ ਕਿਸਾਨ, ਕੀਤਾ ਪਲਟਵਾਰ Farmers angry over Sukhbir Badal's statement](https://etvbharatimages.akamaized.net/etvbharat/prod-images/768-512-7889401-thumbnail-3x2-barnala.jpg)
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ। ਇਸ ਦੇ ਵਿਰੋਧ 'ਚ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਠੋਸ ਕਦਮ ਚੁੱਕੇ ਜਾਣ ਦੀ ਗੱਲ ਆਖੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ 'ਤੇ ਗੁੰਮਰਾਹ ਕਰਨ ਦੇ ਦੋਸ਼ ਲਗਾਏ ਗਏ ਹਨ।
ਸੁਖਬੀਰ ਬਾਦਲ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕਦੇ ਸੂਬੇ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਕੇਂਦਰ ਸਰਕਾਰ ਦੀ ਹਿਮਾਇਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਸੁਖਬੀਰ ਬਾਦਲ ਅੱਜ ਆਪਣੇ ਪਰਿਵਾਰ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਦੇ ਹੱਕਾਂ ਦੀ ਕੁਰਬਾਨੀ ਦੇ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਮੋਦੀ ਸਰਕਾਰ ਦੀ ਕਠਪੁਤਲੀ ਬਣ ਚੁੱਕਿਆ ਹੈ। ਇਸ ਲਈ ਅਕਾਲੀ ਕਿਸਾਨ ਵਿਰੋਧੀ ਬਿੱਲਾਂ ਦੀ ਲਗਾਤਾਰ ਹਿਮਾਇਤ ਕਰ ਰਹੇ ਹਨ। ਮਹਿਜ਼ ਇੱਕ ਕੇਂਦਰੀ ਵਜਾਰਤ ਲਈ ਅਕਾਲੀ ਦਲ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿੱਚ ਭਾਗੀਦਾਰ ਬਣ ਰਿਹਾ ਹੈ। ਉਨ੍ਹਾਂ ਆਖਿਆ ਅਕਾਲੀ ਦਲ ਨੂੰ ਜੇਕਰ ਕਿਸਾਨਾਂ ਦੇ ਹੱਕਾਂ ਦੀ ਇੰਨੀ ਹੀ ਚਿੰਤਾ ਹੈ ਤਾਂ ਉਹ ਕੇਂਦਰੀ ਸਰਕਾਰ ਦੀ ਹਿਮਾਇਤ ਛੱਡ ਕੇ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਣ ਤੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ।