ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਸਫਲ ਮੱਛੀ ਪਾਲਕ ਸੁਖਪਾਲ ਸਿੰਘ ਨੇ ਪੰਗਾਸ ਮੋਨੋਕਲਚਰ (ਬਿਨਾਂ ਕਿਸੇ ਹੋਰ ਮੱਛੀ ਦੀ ਕਿਸਮ ਰਲਾਏ) ਦੀ ਨਿਵੇਕਲੀ ਪਹਿਲ ਕੀਤੀ ਹੈ। ਸੁਖਪਾਲ ਸਿੰਘ ਇਸ ਤੋਂ ਪਹਿਲਾਂ ਕਤਲਾ, ਰੋਹੂ, ਮੁਰਾਖ, ਸਿਲਵਰ ਕਾਰਪ, ਗਰਾਸ ਕਾਰਪ, ਕੌਮਨ ਕਾਰਪ ਆਦਿ ਕਿਸਮਾਂ ਦੀਆਂ ਮੱਛੀਆਂ ਪਾਲ ਰਿਹਾ ਸੀ, ਪਰ ਪੰਜਾਬ ਦੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਅਤੇ ਸਥਾਨਕ ਉਤਪਾਦਨ ਨੂੰ ਹੁਲਾਰਾ ਦੇਣ ਲਈ ਉਸ ਨੇ ਪੰਗਾਸ ਦਾ ਟਰਾਇਲ ਕੀਤਾ ਹੈ।
ਮੱਛੀ ਪਾਲਕ ਅਗਾਹਵਧੂ ਕਿਸਾਨ ਸੁਖਪਾਲ ਸਿੰਘ (45) ਪੁੱਤਰ ਚੰਦ ਸਿੰਘ ਵਾਸੀ ਨੇ ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਉਸ ਨੇ ਸਾਲ 2016 ਵਿੱਚ ਮੱਛੀ ਪਾਲਣ ਵਿਭਾਗ ਤੋਂ ਟ੍ਰੇਨਿੰਗ ਲੈ ਕੇ ਆਪਣੀ ਕਰੀਬ ਢਾਈ ਏਕੜ ਜਗ੍ਹਾ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਉਸ ਮਗਰੋਂ ਸਾਲ 2018 ਵਿੱਚ ਉਸ ਨੂੰ ਪੰਚਾਇਤੀ ਤਲਾਅ ’ਚ ਮੱਛੀ ਪਾਲਣ ਦੀ ਸੁੱਝੀ ਤੇ ਉਸ ਨੇ ਕਰੀਬ 4 ਏਕੜ ਦਾ ਪੰਚਾਇਤੀ ਤਲਾਅ ਠੇਕੇ ’ਤੇ ਲੈ ਕੇ ਮੱਛੀ ਪਾਲਣ ਦਾ ਖੇਤਰ ਵਧਾਇਆ। ਇਸ ਮਗਰੋਂ ਮੌਜੂਦਾ ਸਾਲ ਵਿੱਚ ਉਸ ਨੇ ਪਿੰਡ ਬਡਬਰ ਦੇ ਵਾਸੀ ਮਲਕੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਾਲ ਮਿਲ ਕੇ ਕਰੀਬ 22 ਏਕੜ ਦੇ ਹੋਰ ਪੰਚਾਇਤੀ ਤਲਾਅ ਠੇਕੇ ’ਤੇ ਲਏ ਹਨ, ਜਿਨ੍ਹਾਂ ਵਿੱਚੋਂ 3 ਏਕੜ ਵਿੱਚ ਨਰਸਰੀ ਬਣਾਈ ਹੈ ਅਤੇ ਕਰੀਬ ਸਾਢੇ 5 ਏਕੜ ਵਿੱਚ ਸਿਰਫ ਪੰਗਾਸ ਮੱਛੀ ਦਾ ਪੂੰਗ ਪਾਇਆ ਹੈ ਅਤੇ ਪੰਗਾਸ ਮੋਨੋਕਲਚਰ ਵੱਲ ਪਹਿਲ ਕੀਤੀ ਹੈ। ਇਸ ਸਾਢੇ 5 ਏਕੜ ਵਿੱਚ ਉਸ ਨੇ 25 ਹਜ਼ਾਰ ਦੇ ਕਰੀਬ ਪੂੰਗ ਪਾਇਆ ਹੈ। ਉਸ ਨੇ ਦੱਸਿਆ ਕਿ ਉਹ ਪ੍ਰਤੀ ਏਕੜ ਕਰੀਬ 2 ਲੱਖ ਦੇ ਕਰੀਬ ਸਾਲਾਨਾ ਕਮਾਈ ਮੱਛੀ ਤੋਂ ਕਰਦਾ ਹੈ, ਜੋ ਕਿ ਤਲਾਅ ’ਤੇ ਹੀ ਵਿਕ ਜਾਂਦੀ ਹੈ ਤੇ ਮੰਡੀਕਰਨ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। ਉੁਸ ਨੇ ਦੱਸਿਆ ਕਿ ਉਹ ਹੁਣ ਕਰੀਬ ਸਾਢੇ 28 ਏਕੜ ਖੇਤਰ ਵਿੱਚ ਮੱਛੀ ਪਾਲਣ ਦਾ ਕਿੱਤਾ ਕਰ ਰਿਹਾ ਹੈ ਤੇ ਪਿਛਲੇ ਸਾਲ ਕਰੀਬ ਸਾਢੇ 6 ਏਕੜ 'ਚ 12 ਲੱਖ ਤੋਂ ਵੱਧ ਦੀ ਕਮਾਈ ਕੀਤੀ ਹੈ।
ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਸਬਸਿਡੀ ਅਤੇ ਸਿਖਲਾਈ:ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨ ਸੁਖਪਾਲ ਸਿੰਘ ਨੂੰ ਜਿੱਥੇ ਮੱਛੀ ਪਾਲਣ ਦੀ ਸਿਖਲਾਈ ਦਿੱਤੀ ਗਈ, ਉਥੇ ਸਾਲ 2016 ਵਿੱਚ ਢਾਈ ਏਕੜ ਪ੍ਰਾਈਵੇਟ ਜ਼ਮੀਨ ਵਾਲੇ ਮੱਛੀ ਤਲਾਅ 1.80 ਲੱਖ ਦੇ ਕਰੀਬ ਸਬਸਿਡੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਚਾਇਤੀ ਤਲਾਅ ਬਹੁਤ ਹੀ ਵਾਜਬ ਰੇਟਾਂ ’ਤੇ ਪੰਚਾਇਤੀ ਵੱਲੋਂ ਠੇਕੇ ’ਤੇ ਦਿੱਤੀ ਜਾਂਦਾ ਹੈ, ਜਿਸ ’ਤੇ ਸਬਸਿਡੀ ਉਪਲੱਬਧ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਚਾਹਵਾਨ ਕਿਸਾਨਾਂ ਨੂੰ ਮੱਛੀ ਪਾਲਣ ਦੀ ਸਿਖਲਾਈ ਦਿੱਤੀ ਜਾਂਦੀ ਹੈ।