ਬਰਨਾਲਾ:ਪੰਜਾਬ ਦੀ ਕਿਸਾਨੀ ਇਸ ਵੇਲੇ ਕਰਜ਼ੇ ਦੀ ਮਾਰ ਝੱਲ ਰਹੀ ਹੈ, ਪਰ ਕੁੱਝ ਅਗਾਂਹਵਧੂ ਕਿਸਾਨ ਰਵਾਇਤੀ ਨਾਲੋਂ ਹੱਟ ਕੇ ਵੱਖਰੇ ਢੰਗ ਨਾਲ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ। ਇਹਨਾਂ ਵਿੱਚੋਂ ਹੀ ਇੱਕ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਹੈ, ਜੋ ਸ਼ੇਰਪੁਰ ਨੇੜੇ ਬੱਬਲਪੁਰ ਦਾ ਰਹਿਣ ਵਾਲਾ ਹੈ। ਹਰਪ੍ਰੀਤ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਗੰਨੇ ਦੀ ਬਿਨ੍ਹਾਂ ਕਿਸੇ ਰਸਾਇਣਿਕ ਖਾਦ ਤੋਂ ਕੁਦਰਤੀ ਤਰੀਕੇ ਆਰਗੈਨਿਕ ਖੇਤੀ ਕਰ (organic cultivation of sugarcane) ਰਿਹਾ ਹੈ। ਆਪਣੇ ਖੇਤ ਦੇ ਗੰਨੇ ਤੋਂ ਖ਼ੁਦ ਕਈ ਤਰ੍ਹਾਂ ਦਾ ਗੁੜ ਸ਼ੱਕਰ ਅਤੇ ਹੋਰ ਚੀਜ਼ਾ ਬਣਾ ਕੇ ਖੁਦ ਵੇਚ ਰਿਹਾ ਹੈ। ਜਿਸ ਨਾਲ ਉਸਨੂੰ ਕਈ ਗੁਣਾ ਵੱਧ ਕਮਾਈ ਹੋ ਰਹੀ ਹੈ। ਹਰਪ੍ਰੀਤ ਦੇ ਗੁੜ ਦੀ ਇਸ ਵੇਲੇ ਏਨੀ ਮੰਗ ਹੈ ਕਿ ਵਿਦੇਸ਼ਾਂ ਤੱਕ ਗੁੜ ਲੋਕ ਮੰਗਵਾ ਰਹੇ ਹਨ।
ਇਹ ਵੀ ਪੜੋ:ਵਿਦਿਆਰਥੀ ਨੇ ਚਾਕੂ ਦੀ ਨੋਕ 'ਤੇ ਵਿਦਿਆਰਥਣ ਦੇ ਭਰਿਆ ਸੰਧੂਰ
ਕਈ ਤਰ੍ਹਾਂ ਦਾ ਗੁੜ ਅਤੇ ਸ਼ੱਕਰ ਬਣਾ ਕੇ ਖੁਦ ਕਰਦੇ ਹਨ ਮਾਰਕੀਟਿੰਗ:ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਗੰਨੇ ਦੀ ਆਰਗੈਨਿਕ ਤਰੀਕੇ ਖੇਤੀ ਕਰ ਰਿਹਾ ਹੈ। ਆਪਣੇ ਖੇਤ ਵਿੱਚ ਪੈਦਾ ਕੀਤੇ ਗੰਨੇ ਦਾ ਉਹਨਾਂ ਵਲੋਂ ਘੁਲਾੜਾ ਲਗਾਇਆ ਗਿਆ ਹੈ। ਜਿੱਥੇ ਉਹ ਗੰਨੇ ਤੋਂ ਸਿੰਪਲ ਗੁੜ, ਅਲਸੀ ਵਾਲਾ ਗੁੜ, ਗਾਜਰ ਵਾਲਾ ਗੁੜ, ਮੂੰਗਫ਼ਲੀ ਵਾਲਾ ਗੁੜ, ਤਿਲ ਵਾਲਾ ਗੁੜ, ਅਲਸੀ ਦੇ ਲੱਡੂ, ਤਿਲ ਕੇ ਲੱਡੂ, ਮੈਡੀਕੇਟਿਡ ਗੁੜ, ਹਰਬਲ ਗੁੜ, ਸਿੰਪਲ ਸ਼ੱਕਰ ਅਤੇ ਮੈਡੀਕੇਟਿਡ ਸ਼ੱਕਰ ਤਿਆਰ ਕੀਤੀ ਜਾਂਦੀ ਹੈ। ਇਹ ਸਭ ਆਰਗੈਨਕ ਤਰੀਕੇ ਨਾਲ ਤਿਆਰ ਕਰਕੇ ਵੇਚੇ ਜਾਂਦੇ ਹਨ। ਜਿਸਦੀ ਕੋਈ ਵੀ ਵਿਅਕਤੀ ਜਾਂਚ ਕਰਵਾ ਸਕਦਾ ਹੈ।
ਗੰਨਾ ਸ਼ੂਗਰ ਮਿੱਲ ਵਿੱਚ ਵੇਚਣ ਨਾਲੋਂ ਉਤਪਾਦ ਬਣਾ ਕੇ ਵੇਚਣ ਨਾਲ ਜ਼ਿਆਦਾ ਫਾਇਦਾ:ਉਹਨਾਂ ਦੱਸਿਆ ਕਿ ਜੇਕਰ ਉਹ ਆਪਣੀ ਗੰਨੇ ਦੀ ਫ਼ਸਲ ਸਿੱਧੀ ਸ਼ੂਗਰ ਮਿੱਲ ਵਿੱਚ ਵੇਚਦੇ ਹਨ ਤਾਂ ਪਹਿਲੀ ਸਮੱਸਿਆ ਫ਼ਸਲ ਨੂੰ ਵੇਚਣ ਦੀ ਆਉਂਦੀ ਹੈ। ਫ਼ਸਲ ਦੀ ਪੇਮੈਂਟ ਲੈਣ ਸਮੇਂ ਵੀ ਧਰਨੇ ਲਗਾਉਣੇ ਪੈਂਦੇ ਹਨ। ਜਿਸ ਕਰਕੇ ਹੁਣ ਆਪਣੇ ਇਸ ਕਾਰੋਬਾਰ ਨਾਲ ਜਿੱਥੇ ਕਮਾਈ ਵੀ ਵੱਧ ਹੁੰਦੀ ਹੈ ਅਤੇ ਆਪਣੀ ਪਛਾਣ ਵੀ ਵੱਖਰੇ ਤੌਰ ’ਤੇ ਬਣਦੀ ਹੈ। ਸਮੇਂ ਸਿਰ ਪੇਮੈਂਟ ਹੋ ਜਾਂਦੀ ਹੈ ਅਤੇ ਸਮੇਂ ਸਿਰ ਅਗਲੀ ਫ਼ਸਲ ਬੀਜ ਦਿੰਦੇ ਹਨ।