ਬਰਨਾਲਾ: 30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਗਾਏ ਹੋਏ ਧਰਨੇ ਦਾ 111ਵੇਂ ਦਿਨ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ ਨੂੰ ਸਮਰਪਿਤ ਰਿਹਾ। ਇਸ ਦੇ ਨਾਲ ਹੀ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਧਰਨਾ ਸਥਾਨ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਲਾਸਾਨੀ ਕਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਉਸ ਸਮੇਂ ਜ਼ਮੀਨਾਂ ਉਪਰ ਡਾਕੇ ਮਾਰਨ, ਲੋਕਾਂ ਉੱਪਰ ਜਬਰ ਢਾਹੁਣ ਵਾਲੇ ਰਾਜੇ ਮਹਾਰਾਜਿਆਂ ਖਿਲਾਫ਼ ਬੇਖੌਫ਼ ਹੋ ਕੇ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ।
ਉਨ੍ਹਾਂ ਰਾਜਿਆਂ ਅੱਗੇ ਈਨ ਮੰਨਣ ਤੋਂ ਇਨਕਾਰ ਕਰਦਿਆਂ ਅੰਤਲੇ ਦਮ ਤੱਕ ਲੋਕਾਂ ਸੰਗ ਵਫ਼ਾ ਰੱਖੀ। ਕਿਉਂਕਿ ਪਰਜਾ ਮੰਡਲ ਲਹਿਰ ਹੀ ਪੈਪਸੂ ਦੀ ਮੁਜ਼ਾਰਾ ਲਹਿਰ ਦਾ ਮੁੱਖ ਅਧਾਰ ਸੀ। ਇਸ ਨੇ ਅਨੇਕਾਂ ਪਿੰਡਾਂ ਦੀਆਂ ਜ਼ਮੀਨਾਂ ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ, ਅਹਿਲਕਾਰਾਂ ਖਿਲਾਫ਼ ਜਾਨ ਹੂਲਵੀਂ ਜੰਗ ਲੜਦਿਆਂ ਅਨੇਕਾਂ ਸ਼ਹਾਦਤਾਂ ਦੇ ਕੇ ਜ਼ਮੀਨਾਂ ਮੁਕਤ ਕਰਵਾਈਆਂ ਸਨ। ਅਜੌਕੇ ਦੌਰ ਅੰਦਰ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਫ਼ੰਡ ਦੀਆਂ ਨੀਤੀਆਂ/ਦਿਸ਼ਾ ਨਿਰਦੇਸ਼ਨਾ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਲਈ ਖੇਤੀ ਵਿਰੋਧੀ ਕਾਨੂੰਨ ਲਿਆਂਦੇ ਹਨ।