ਬਰਨਾਲਾ: ਬੀਤੇ ਦਿਨ ਦਿੱਲੀ ਕਿਸਾਨ ਮੋਰਚੇ ਵਿੱਚੋਂ ਵਾਪਸ ਪਰਤੇ ਪਿੰਡ ਧੌਲਾ ਦੇ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਨਿਰਮਲ ਸਿੰਘ (45) ਤਕਰੀਬਨ ਪਿਛਲੇ ਮਹੀਨੇ ਤੋਂ ਦਿੱਲੀ ਮੋਰਚੇ ’ਤੇ ਗਿਆ ਹੋਇਆ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਅਤੇ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਦੀ ਸੁਣਵਾਈ ਨਾ ਹੋਣ ਤੋਂ ਨਿਰਮਲ ਸਿੰਘ ਬਹੁਤ ਦੁਖੀ ਸੀ, ਜਿਸ ਕਾਰਨ ਬੀਤੀ ਰਾਤ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।
ਨਿਰਮਲ ਸਿੰਘ ਕਿਸਾਨ ਮੋਰਚੇ ਦਾ ਸਰਗਰਮ ਮੈਂਬਰ ਸੀ: ਕਿਸਾਨ ਆਗੂ ਗੁਰਦੇਵ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਨਿਰਮਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਪੰਜਾਬ ਸਮੇਤ ਦਿੱਲੀ ਦੇ ਮੋਰਚੇ ਵਿੱਚ ਲਗਾਤਾਰ ਸ਼ਾਮਲ ਹੋ ਰਿਹਾ ਸੀ। ਦਿੱਲੀ ਮੋਰਚੇ ਵਿੱਚ ਕਿਸਾਨ ਦੇ ਮਾੜੇ ਹਾਲਾਤਾਂ ਅਤੇ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਤੋਂ ਨਿਰਾਸ ਸੀ।