ਬਰਨਾਲਾ: ਹਿੰਦੀ ਫ਼ਿਲਮ ਜਗਤ ਦੀ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਦਾ ਬਰਨਾਲਾ ਵਿੱਚ ਪੁਤਲਾ ਸਾੜ ਕੇ ਉਸ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਮਾਮਲਾ ਏਕਤਾ ਕਪੂਰ ਵੱਲੋਂ ਨਵੀਂ ਸ਼ੁਰੂ ਕੀਤੀ ਗਈ ਵੈਬ ਸੀਰੀਜ਼ ਨਾਲ ਜੁੜਿਆ ਹੋਇਆ ਹੈ। ਜਿਸ ਦੇ ਵਿਰੋਧ ਵਿੱਚ ਬਰਨਾਲਾ ਵਿਖੇ ਸਾਬਕਾ ਫ਼ੌਜੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਨੇ ਦੋਸ਼ ਲਗਾਇਆ ਹੈ ਕਿ ਏਕਤਾ ਕਪੂਰ ਦੀ ਨਵੀਂ ਵੈਬ ਸੀਰੀਜ਼ ਵਿੱਚ ਦੇਸ਼ ਦੇ ਫ਼ੌਜੀ ਜਵਾਨਾਂ ਦੇ ਪਰਿਵਾਰਾਂ, ਉਨ੍ਹਾਂ ਦੀਆਂ ਪਤਨੀਆਂ ਅਤੇ ਫ਼ੌਜੀ ਵਰਦੀ ਲਈ ਅਪਮਾਨਜਨਕ ਦ੍ਰਿਸ਼ ਫ਼ਿਲਮਾਏ ਗਏ ਹਨ। ਜੋ ਦੇਸ਼ ਦੇ ਫ਼ੌਜੀਆਂ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਨ੍ਹਾਂ ਇਸ ਸਬੰਧ ਵਿੱਚ ਬਰਨਾਲਾ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਕੇ ਏਕਤਾ ਕਪੂਰ ਵਿਰੁੱਧ ਪਰਚਾ ਦਰਜ਼ ਕਰ ਕੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਏਕਤਾ ਕਪੂਰ ਵੱਲੋਂ ਇੱਕ ਟ੍ਰਿਪਲ ਐਕਸ-2 ਵੈਬ ਸੀਰੀਜ਼ ਬਣਾਈ ਗਈ ਹੈ। ਜਿਸ ਵਿੱਚ ਸਾਬਕਾ ਫ਼ੌਜੀ ਪਰਿਵਾਰਾਂ ਦੇ ਕਿਰਦਾਰ ਨੂੰ ਬਹੁਤ ਗਲਤ ਦਿਖਾਇਆ ਗਿਆ ਹੈ। ਇਸ ਵਿੱਚ ਫ਼ੌਜੀ ਦੀ ਪਤਨੀ ਦੇ ਕਿਰਦਾਰ ਨੂੰ ਸ਼ਰਮਨਾਕ ਤਰੀਕੇ ਫ਼ਿਲਮਾਇਆ ਗਿਆ ਹੈ। ਜਿਸ ਕਾਰਨ ਦੇਸ਼ ਦੀ ਰੱਖਿਆ ਕਰਨ ਵਾਲੇ ਸਮੁੱਚੇ ਦੇਸ਼ ਦੇ ਫ਼ੌਜੀ ਜਵਾਨਾਂ ਦੀ ਆਨ ਅਤੇ ਸ਼ਾਨ ਦਾ ਅਪਮਾਨ ਕੀਤਾ ਗਿਆ ਹੈ।