ਬਰਨਾਲਾ : ਆਧੁਨਿਕਤਾ ਦੇ ਯੁੱਗ ਵਿੱਚ ਜਦੋਂ ਲੋਕ ਆਪਣੀ ਵਿਰਾਸਤ ਅਤੇ ਸੱਭਿਆਚਾਰ ਤੋਂ ਟੁੱਟਦੇ ਜਾ ਰਹੇ ਹਨ ਤਾਂ ਅਜਿਹੇ ਮੌਕੇ ਕੁਝ ਸੁਹਿਰਦ ਅਤੇ ਸੱਭਿਆਚਾਰਕ ਪ੍ਰੇਮੀ ਲੋਕ ਅਜੇ ਵੀ ਆਪਣੀ ਵਿਰਾਸਤ ਸੰਭਾਲਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਸੁਹਿਰਦ ਲੋਕਾਂ ਵਿੱਚੋਂ ਇਕ ਪਰਿਵਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦਾ ਰਹਿਣ ਵਾਲਾ ਹੈ। ਜਿਸ ਵੱਲੋਂ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨਾਲ ਸਬੰਧਤ ਪੁਰਾਤਨ ਸਾਮਾਨ ਸੰਭਾਲਿਆ ਜਾ ਰਿਹਾ ਹੈ। ਭਾਵੇਂ ਪਰਿਵਾਰ ਅੱਜ ਵੀ ਕੋਠੀਨੁਮਾ ਘਰ ਵਿੱਚ ਰਹਿ ਰਿਹਾ ਹੈ, ਪਰ ਇਨ੍ਹਾਂ ਵੱਲੋਂ ਪੁਰਾਤਨ ਸੱਭਿਆਚਾਰਕ ਸਾਮਾਨ ਲਈ ਇਕ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਸਾਰਾ ਸਾਮਾਨ ਸਜਾ ਕੇ ਰੱਖਿਆ ਗਿਆ ਹੈ।
ਵਿਰਾਸਤ ਅਤੇ ਸੱਭਿਆਚਾਰ ਦੀ ਸੰਭਾਲ
ਪਿੰਡ ਦੀਵਾਨਾ ਦੇ ਕਮਲਜੀਤ ਸਿੰਘ ਅਤੇ ਉਸਦੇ ਪੁੱਤਰ ਜੋਤ ਵੜਿੰਗ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਆਪਣੇ ਘਰ ਵਿੱਚ ਬਲਦਾਂ ਨਾਲ ਖੇਤੀ ਸਮੇਂ ਵਰਤੇ ਜਾਣ ਵਾਲੇ ਖੇਤੀ ਦੇ ਸੰਦ ਅੱਜ ਵੀ ਸੰਭਾਲੇ ਗਏ ਹਨ। ਇਸ ਤੋਂ ਇਲਾਵਾ ਊਠ ਦੀ ਕਾਠੀ, ਪੁਰਾਣੇ ਟੇਪ ਰਿਕਾਰਡ, ਬਿਸਲ(ਸੀਟੀ), ਤਗ਼ਮੇ, ਪੁਰਾਤਨ ਛੋਟਾ ਟੈਲੀਵਿਜ਼ਨ, ਚਰਖਾ, ਸੰਗੀਤ ਕੈਸਟਾਂ, ਰੇਡੀਓ, ਡੈੱਕ, ਹੱਥੀਂ ਚੱਲਣ ਵਾਲੀ ਚਾਟੀ, ਸੌ ਸਾਲ ਪੁਰਾਣਾ ਕੈਮਰਾ, ਦਰੀਆਂ ਬਣਾਉਣ ਵਾਲੀ ਤਾਣੀ ਦੇ ਸਾਮਾਨ ਤੋਂ ਇਲਾਵਾ ਹੋਰ ਓਹ ਸਮਾਨ ਜੋ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਕਬਾੜ ਬਣਾ ਕੇ ਰੱਦੀ ਦੇ ਭਾਅ ਵੇਚ ਦਿੱਤਾ ਗਿਆ ਹੈ, ਉਸ ਨੂੰ ਪਰਿਵਾਰ ਵੱਲੋਂ ਸੰਭਾਲਿਆ ਗਿਆ ਹੈ।