ਬਰਨਾਲਾਾ:ਪੰਜਾਬ ਸਰਕਾਰ (Punjab Govt) ਵੱਲੋਂ ਦਿੱਤੀ ਜਾ ਰਹੀ ਕਣਕ ਨੂੰ ਲੈ ਕੇ ਲੋਕ ਹਰ-ਰੋਜ਼ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਭਦੌੜ ਦੇ ਵੱਡੇ ਚੌਂਕ ਵਿੱਚ 5ਵੇਂ ਦਿਨ ਵੀ ਲੋਕਾਂ ਨੂੰ ਕਣਕ ਨਾ ਮਿਲਣ ‘ਤੇ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the Punjab government) ਦਿੱਤੀ। ਜਿਸ ਨੂੰ ਦੇਖ ਡਿੱਪੂ ਹੋਲਡਰ ਆਪਣੀ ਦੁਕਾਨ ਨੂੰ ਜਿੰਦਾ ਲਗਾ ਕੇ ਭੱਜ ਗਿਆ। ਇਸ ਮੌਕੇ ਇੰਸਪੈਕਟਰ ਅਤੁਲ ਕੁਮਾਰ ਵੀ ਪਹੁੰਚੇ। ਇਸ ਮੌਕੇ ਭੜਕੇ ਲੋਕਾਂ ਨੇ ਇੰਸਪੈਕਟਰ ਅਤੁਲ ਕੁਮਾਰ ਦੇ ਵੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਕਣਕ ਲੈਣ ਪਹੁੰਚੇ ਲੋਕਾਂ ਨੇ ਕਿਹਾ ਕਿ ਉਹ ਕਰੀਬ ਪਿਛਲੇ ਇੱਕ ਹਫ਼ਤੇ ਤੋਂ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਚਰਨਜੀਤ ਕੌਰ ਨਾਮ ਦੀ ਲਾਭਪਾਤਰੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਅਧਰੰਘ ਦੀ ਬਿਮਾਰੀ ਹੈ ਅਤੇ ਉਹ ਰਾਜ ਮਿਸਤਰੀ ਨਾਲ ਖੁਦ ਦਿਹਾੜੀ ਕਰਦੀ ਹੈ, ਪਰ ਰੋਜ਼-ਰੋਜ਼ ਇਸ ਸਰਕਾਰੀ ਕਣਕ ਨੂੰ ਲੈਕੇ ਹੋਣ ਵਾਲੀ ਤੰਗੀ ਕਾਰਨ ਉਹ ਆਪਣੇ ਕੰਮ ‘ਤੇ ਨਹੀਂ ਜਾ ਪਾ ਰਹੀ, ਜਿਸ ਕਰਕੇ ਉਸ ਦੇ ਘਰ ਦਾ ਗੁਜ਼ਾਰਾਂ ਵੀ ਮੁਸ਼ਕਲ ਹੋ ਰਿਹਾ ਹੈ।
ਨਹੀਂ ਉਤਾਰਨ ਦਿੱਤੀ ਕਣਕ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਕੀਤਾ ਸ਼ਾਂਤ: ਜਦੋਂ ਲੋਕ ਨਾਅਰੇਬਾਜ਼ੀ ਕਰ ਰਹੇ ਸਨ, ਤਾਂ ਮੌਕੇ ‘ਤੇ ਫੂਡ ਸਪਲਾਈ ਵਿਭਾਗ (Food Supply Department) ਵੱਲੋਂ ਕਣਕ ਦੀ ਟਰਾਲੀ ਭਰ ਕੇ ਸਬੰਧਤ ਡਿਪੂ ਹੋਲਡਰ ਦੀ ਦੁਕਾਨ ਵਿੱਚ ਉਤਾਰਨ ਲਈ ਭੇਜ ਦਿੱਤੀ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਕਣਕ ਨੂੰ ਨਹੀਂ ਉਤਰਨ ਦਿੱਤਾ ਅਤੇ ਕਿਹਾ ਕਿ ਜਿਹੜੀ ਪਹਿਲਾਂ ਡਿਪੂ ਹੋਲਡਰ ਦੀ ਦੁਕਾਨ ਅੰਦਰ ਕਣਕ ਪਈ ਹੈ, ਪਹਿਲਾਂ ਉਹ ਵੰਡੀ ਜਾਵੇ, ਤਾਂ ਹੀ ਉਹ ਟਰਾਲੀ ਵਿੱਚ ਪਈ ਕਣਕ ਨੂੰ ਉਤਾਰਨ ਦੇਣਗੇ।
ਜਿਸ ਨੂੰ ਲੈ ਕੇ ਡਿਪੂ ਹੋਲਡਰ, ਫੂਡ ਸਪਲਾਈ ਵਿਭਾਗ (Food Supply Department) ਅਤੇ ਲੋਕਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਵੀ ਹੋਈ ਅਤੇ ਮਾਮਲਾ ਵਧਦਾ ਦੇਖ ਡਿਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਮੌਕੇ ‘ਤੇ ਪੁਲਿਸ (Police) ਨੂੰ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਦੋ ਦਿਨਾਂ ਵਿੱਚ ਸਾਰੇ ਖਪਤਕਾਰਾਂ ਨੂੰ ਕਣਕ ਵੰਡਣ ਦਾ ਭਰੋਸਾ ਦੇ ਕੇ ਸ਼ਾਂਤ ਕਰ ਕੇ ਟਰਾਲੀ ਵਿੱਚੋਂ ਕਣਕ ਉਤਾਰਨੀ ਸ਼ੁਰੂ ਕਰਵਾ ਦਿੱਤੀ।