ਬਰਨਾਲਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਪੰਜਾਬ ਦੇ ਆਮ ਲੋਕਾਂ ਦੇ ਨਾਲ-ਨਾਲ ਮੁਲਾਜ਼ਮ ਵਰਗ ਨੂੰ ਵੱਡੀਆਂ ਉਮੀਦਾਂ ਇਸ ਸਰਕਾਰ ਤੋਂ ਦਿਖਾਈਆਂ ਦੇ ਰਹੀਆਂ ਹਨ। ਪਰ ਇਸ ਮਾਮਲੇ ਵਿੱਚ ਅਧਿਆਪਕ ਵਰਗ ਦਾ ਮਾਮਲਾ ਸਭ ਤੋਂ ਸੰਜੀਦਾ ਹੁੰਦਾ ਹੈ ਕਿਉਂਕਿ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਿੱਖਿਆ ਮੰਤਰੀ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਜਿਸਦੇ ਚੱਲਦਿਆਂ ਬਰਨਾਲਾ ਨਾਲ ਸਬੰਧਤ ਆਪ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਇੱਕ ਅਧਿਆਪਕ ਜੱਥੇਬੰਦੀ ਰੋਸ ਪ੍ਰਦਰਸ਼ਨ ਕਰ ਚੁੱਕੀ ਹੈ।
ਇਸ ਤੋਂ ਬਾਅਦ ਹੁਣ ਇੱਕ ਹੋਰ ਅਧਿਆਪਕਾ ਨੇ ਸਵਾਲ ਖੜਾ ਕਰਦੇ ਹੋਏ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਰਕਾਰ ਨੂੰ ਘੇਰ ਲਿਆ (government school teacher resigns) ਹੈ। ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੀ ਅਧਿਆਪਕਾ ਸਿੱਖਿਆ ਮੰਤਰੀ ਦੇ ਬਰਨਾਲਾ ਜ਼ਿਲ੍ਹੇ ਨਾਲ ਹੀ ਸਬੰਧਤ ਹੈ ਜੋ ਜ਼ਿਲ੍ਹੇ ਦੇ ਪਿੰਡ ਮੌੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਈਜੀਐਸ ਅਧਿਆਪਕਾ ਹੈ ਅਤੇ ਉਸਨੇ ਆਪਣੀਆਂ ਸਮੱਸਿਆਵਾਂ ਦਾ ਜਿਕਰ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਅਧਿਆਪਕਾ ਦੇ ਇਸ ਅਸਤੀਫ਼ੇ ਦੀ ਅਰਜ਼ੀ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਚੁੱਕੀ ਹੈ।