ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿੱਚ ਪਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਥੇਬੰਦੀ ਵਲੋਂ ਬਾਹਰ ਕੀਤੇ ਆਗੂਆਂ ਵਲੋਂ 14 ਫ਼ਰਵਰੀ ਨੂੰ ਬਠਿੰਡਾ ਵਿਖੇ ਜਨਰਲ ਕੌਂਸਲ ਦੀ ਮੀਟਿੰਗ ਸੱਦਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦਰਮਿਆਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਵਲੋਂ ਜਥੇਬੰਦੀ ਦੀਆਂ ਜ਼ਿਲ੍ਹਾ ਵਾਰ ਮੀਟਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਦੀ ਮੀਟਿੰਗ ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ਉਪਰ ਚੱਲੇ ਰਹੇ ਪੱਕੇ ਮੋਰਚੇ ਵਿੱਚ ਕੀਤੀ ਗਈ।
ਧਨੇਰ ਬਣਨਾ ਚਾਹੁੰਦਾ ਹੈ ਪ੍ਰਧਾਨ :ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਮਨਜੀਤ ਧਨੇਰ ਅਤੇ ਉਸਦੇ ਸਾਥੀ ਜੱਥੇਬੰਦੀ ਵਿੱਚੋਂ ਕੱਢੇ ਜਾ ਚੁੱਕੇ ਹਨ। ਜੋ ਹੁਣ ਮੇਰੇ ਉਪਰ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਵਲੋਂ ਜੱਥੇਬੰਦੀ ਵਿੱਚ ਫ਼ੁੱਟ ਪਾਉਣ ਦੇ ਮਕਸਦ ਨਾਲ 14 ਫ਼ਰਵਰੀ ਨੂੰ ਜਨਰਲ ਕੌਂਸਲ ਦੀ ਮੀਟਿੰਗ ਸੱਦਣ ਦੀ ਗੱਲ ਆਖੀ ਗਈ ਹੈ, ਜਦੋਂਕਿ ਉਹਨਾਂ ਕੋਲ ਹੁਣ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਧਨੇਰ ਗਰੁੱਪ ’ਤੇ ਜਥੇਬੰਦੀ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਧਨੇਰ ਖ਼ੁਦ ਜਥੇਬੰਦੀ ਦਾ ਪ੍ਰਧਾਨ ਬਨਣਾ ਚਾਹੁੰਦਾ ਹੈ। ਇਸ ਕਰਕੇ ਜਥੇਬੰਦੀ ਦੀਆਂ ਜ਼ਿਲ੍ਹਾ ਵਾਰ ਮੀਟਿੰਗਾਂ ਕਰਕੇ ਵਰਕਰਾਂ ਨੂੰ ਸੱਚਾਈ ਦੱਸ ਕੇ ਇਨ੍ਹਾਂ ਆਗੂਆਂ ਤੋਂ ਸੁਚੇਤ ਕਰ ਰਹੇ ਹਾਂ। ਅੱਜ ਬਰਨਾਲਾ ਜ਼ਿਲ੍ਹੇ ਦੀ ਦੂਜੀ ਮੀਟਿੰਗ ਹੈ ਅਤੇ ਭਲਕੇ ਲੁਧਿਆਣਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਜਾਵੇਗੀ।