ਬਰਨਾਲਾ:ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਭਾਰਤ ਵਿਚ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਸੋਸ਼ਲ ਮੀਡੀਆ ਤੇ ਪੁਰਾਣੀਆਂ ਵੀਡੀਓਜ਼ ਲੋਕਾਂ ਦੁਆਰਾ ਸ਼ੇਅਰ ਕਰਕੇ ਇਹ ਲਿਖਿਆ ਜਾ ਰਿਹਾ ਹੈ ਕਿ ਇਹ ਘਟਨਾਵਾਂ ਮੌਜੂਦਾ ਜੰਗ ਦੀਆਂ ਹਨ ਪਰ ਇਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਫੋਟੋਆਂ ਨੂੰ ਪਾਰਖੂ ਲੋਕਾਂ ਦੁਆਰਾ ਝੂਠੀਆਂ ਦੱਸ ਕੇ ਲੋਕਾਂ ਨੂੰ ਸੱਚਾਈ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਲੋਕਾਂ ਵੱਲੋਂ ਪੰਜਾਬ ਵਿਚਲੇ ਪੈਟਰੋਲ ਪੰਪਾਂ ਤੇ ਡੀਜ਼ਲ ਭਰਵਾ ਕੇ ਸਟੋਰ ਕਰਨ ਦੀ ਹੋੜ ਲੱਗ ਗਈ ਹੈ।
8-9 ਦਿਨ੍ਹਾਂ ਵਿੱਚ ਪੈਟਰੋਲ ਪੰਪ ਰਾਹੀਂ ਵਿਕਣ ਵਾਲਾ ਡੀਜਲ ਸਿਰਫ ਕੁਝ ਘੰਟਿਆਂ ਵਿੱਚ ਹੀ ਖਰੀਦਿਆ ਜਾ ਰਿਹਾ ਹੈ। ਬੇਸ਼ੱਕ ਅਜੇ ਡੀਜ਼ਲ ਦੀ ਤੁਰੰਤ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈ ਪਰ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਰੇਟ ਵੱਧਣ ਦੀਆਂ ਅਫਵਾਹਾਂ ਕਾਰਨ ਹਰ ਕੋਈ ਕਿਸਾਨ ਸੈਂਕੜੇ ਲੀਟਰ ਡੀਜ਼ਲ ਸਟੋਰ ਕਰਨ ਲਈ ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ ਵਿੱਚ ਖੜ੍ਹਾ ਹੈ।
ਪੈਟਰੋਲ ਪੰਪ ਤੋਂ ਤੇਲ ਪਵਾ ਰਹੇ ਕਿਸਾਨ ਪ੍ਰੇਮ ਦਾਸ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਆਉਣ ਵਾਲੇ 20-25 ਦਿਨ੍ਹਾਂ ਤੱਕ ਤੇਲ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜਦੋਂ ਉਨ੍ਹਾਂ ਦੇ ਆਂਢ ਗੁਆਂਢ ਅਤੇ ਪਿੰਡ ਵਿਚ ਲੋਕ ਡੀਜ਼ਲ ਭਰਵਾ ਕੇ ਰੱਖ ਰਹੇ ਹਨ। ਜਦੋਂ ਉਨ੍ਹਾਂ ਨੇ ਪਿੰਡ ਦੇ ਕੁਝ ਕਿਸਾਨਾਂ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੰਗ ਦੌਰਾਨ ਡੀਜ਼ਲ ਦੇ ਰੇਟ ਵਧਣਗੇ, ਇਸ ਲਈ ਅਸੀਂ ਡੀਜ਼ਲ ਭਰਵਾ ਕੇ ਲਿਆਏ ਹਾਂ ਤਾਂ ਉਨ੍ਹਾਂ ਨੇ ਵੀ ਸੋਚਿਆ ਕਿ ਡੀਜ਼ਲ ਦੀ ਜ਼ਰੂਰਤ ਤਾਂ ਹੈ ਹੀ ਕਿਉਂ ਨਾ ਕੁਝ ਦਿਨ ਪਹਿਲਾਂ ਭਰਵਾ ਕੇ ਰੱਖ ਲਿਆ ਜਾਵੇ ਤਾਂ ਜੋ ਮਹਿੰਗਾ ਡੀਜ਼ਲ ਖਰੀਦਣ ਤੋਂ ਬਚਿਆ ਜਾਵੇ।
ਉਨ੍ਹਾਂ ਕਿਹਾ ਕਿ ਉਹ ਇਕ ਸਾਲ ਵਿੱਚ ਤਕਰੀਬਨ ਇੱਕ ਹਜ਼ਾਰ ਲਿਟਰ ਤੇਲ ਭਾਲਦੇ ਹਨ ਪਰ ਹੁਣ ਰੇਟ ਵੱਧਣ ਦੀਆਂ ਚਰਚਾਵਾਂ ਕਾਰਨ ਉਹ ਇਕ ਦਿਨ ਵਿੱਚ ਹੀ ਇੱਕ ਹਜ਼ਾਰ ਲਿਟਰ ਡੀਜ਼ਲ ਭਰਵਾ ਰਹੇ ਹਨ ਤਾਂ ਜੋ ਲੰਬਾ ਸਮਾਂ ਉਨ੍ਹਾਂ ਦਾ ਇਸ ਸਸਤੇ ਡੀਜ਼ਲ ਨਾਲ ਲੰਘ ਜਾਵੇ।