ਬਰਨਾਲਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਇਸ ਵਾਰ ਮੂੰਗੀ ਦੀ ਫ਼ਸਲ 'ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਕਰਕੇ ਵੱਡੀ ਗਿਣਤੀ ਵਿੱਚ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਸੀ। ਪ੍ਰੰਤੂ ਮੂੰਗੀ ਦੀ ਫ਼ਸਲ ਲੈ ਕੇ ਮੰਡੀ ਵਿਚ ਬੈਠੇ ਕਿਸਾਨਾਂ ਦੀ ਕੋਈ ਸਰਕਾਰ ਜਾਂ ਅਧਿਕਾਰੀ ਸਾਰ ਤੱਕ ਨਹੀਂ ਲੈ ਰਹੇ।
ਬਰਨਾਲਾ ਜ਼ਿਲ੍ਹੇ ਦੇ ਤਪਾ ਦੀ ਦਾਣਾ ਮੰਡੀ ਵਿੱਚ ਕਿਸਾਨ ਕਈ-ਕਈ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਬੈਠੇ ਹਨ। ਪ੍ਰੰਤੂ ਫਿਰ ਵੀ ਮੂੰਗੀ ਦੀ ਖਰੀਦ ਬਿਨਾਂ ਐਮਐਸਪੀ ਤੋਂ ਬਹੁਤ ਘੱਟ ਰੇਟ 'ਤੇ ਹੋ ਰਹੀ ਹੈ। ਜਿਸ ਕਾਰਨ ਕਿਸਾਨ ਕਾਫੀ ਨਿਰਾਸ਼ ਹਨ।
ਦਾਣਾ ਮੰਡੀ 'ਚ ਮੂੰਗੀ ਦੀ ਫ਼ਸਲ ਵੇਚਣ ਆਏ ਕਿਸਾਨ ਗਗਨਦੀਪ ਸਿੰਘ, ਮਨਦੀਪ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੂੰਗੀ ਦੀ ਫ਼ਸਲ ਵੇਚਣ ਲਈ ਠੋਕਰਾਂ ਖਾ ਰਹੇ ਹਨ। ਇਸ ਤੋਂ ਪਹਿਲਾਂ ਉਹ ਕਈ ਦਾਣਾ ਮੰਡੀਆਂ ਵਿੱਚ ਧੱਕੇ ਖਾ ਚੁੱਕੇ ਹਨ ਅਤੇ ਆਪਣੀ ਫਸਲ ਚੁੱਕ ਕੇ ਹੁਣ ਤਪਾ ਦੀ ਦਾਣਾ ਮੰਡੀ ਵਿੱਚ ਆਏ ਹਨ, ਪਰ ਇੱਥੇ ਵੀ ਕਿਸਾਨ ਖੱਜਲ-ਖੁਆਰ ਹੋ ਰਹੇ ਹਨ।