ਬਰਨਾਲਾ: ਇੱਥੋ ਦੇ ਪਿੰਡ ਭਦੌੜ ਦਾ ਸਰਕਾਰੀ ਹਸਪਤਾਲ ਅਕਸਰ ਹੀ ਸੁਰਖ਼ੀਆਂ ਵਿੱਚ ਰਹਿੰਦਾ ਹੈ। ਬੀਤੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਾਰੀ ਘਾਟ ਦੇ ਮੱਦੇਨਜ਼ਰ ਅਕਸਰ ਹੀ ਮਰੀਜ਼ਾਂ ਨੂੰ ਇਲਾ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਹੈਰਾਨੀ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਜੋ ਡਾਕਟਰ ਇੱਥੇ ਮੌਜੂਦ ਹਨ, ਉਸ ਵੱਲੋਂ ਵੀ ਡਿਊਟੀ ਦੌਰਾਨ ਅਕਸਰ ਹੀ ਨਸ਼ੇ ਵਿੱਚ ਧੁੱਤ ਰਹਿਣ ਕਾਰਨ ਮਰੀਜਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਕਤ ਡਾਕਟਰ ਨੂੰ ਪਹਿਲਾਂ ਵੀ ਡਿਊਟੀ ਮੌਕੇ ਹਸਪਤਾਲ ਅਤੇ ਸਰਕਾਰੀ ਕੁਆਟਰਾਂ ਵਿੱਚ ਸ਼ਰਾਬ ਪੀਂਦੇ ਵੇਖਿਆ ਗਿਆ ਹੈ। ਸ਼ਰਾਬੀ ਡਾਕਟਰ ਦੀ ਸ਼ਿਕਾਇਤ ਮਿਲਣ 'ਤੇ ਅੱਜ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਸਿਵਲ ਹਸਪਤਾਲ ਭਦੌੜ ਵਿੱਚ ਜਾ ਕੇ ਵੇਖਿਆ ਤਾਂ ਸਰਕਾਰੀ ਡਾਕਟਰ ਬਿਕਰਮ ਨੂੰ ਸ਼ਰਾਬੀ ਹਾਲਤ ਵਿੱਚ ਪਾਇਆ।