ਬਰਨਾਲਾ ਦੇ ਪਿੰਡ ਸੇਖਾ 'ਚ ਦੋਹਰੇ ਕਤਲ ਦਾ ਮਾਮਲਾ ਬਰਨਾਲਾ:ਇੱਕ ਪਾਸੇ ਪੰਜਾਬ ਦੀ ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦਾ ਨੱਕ ਚਿੜਾ ਰਹੀਆਂ ਹਨ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਸੇਖਾ ਤੋਂ ਸਾਹਮਣੇ ਆਇਆ, ਜਿਥੇ ਅਣਪਛਾਤੇ ਲੋਕਾਂ ਨੇ ਘਰ 'ਚ ਵੜ ਕੇ ਮਾਂ ਅਤੇ ਧੀ ਦਾ ਕਤਲ ਕਰ ਦਿੱਤਾ ਜਦਕਿ ਜਵਾਈ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਕਿ ਇਲਾਜ ਲਈ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ।
ਘਰ 'ਚ ਰਹਿੰਦਾ ਸੀ ਜ਼ਖਮੀ ਰਾਜਦੀਪ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੇਖਾ ਸਥਿਤ ਘਰ 'ਚ ਬਜ਼ੁਰਗ ਔਰਤ ਹਰਬੰਸ ਕੌਰ ਆਪਣੀ ਬੇਟੀ ਪਰਮਜੀਤ ਕੌਰ ਅਤੇ ਪਤੀ ਰਾਜਦੀਪ ਸਿੰਘ ਨਾਲ ਰਹਿੰਦੀ ਸੀ। ਉਸ ਨੇ ਰਾਜਦੀਪ ਸਿੰਘ ਨੂੰ ਆਪਣਾ ਜਵਾਈ ਬਣਾ ਰੱਖਿਆ ਹੋਇਆ ਸੀ। ਉਸੇ ਸਮੇਂ ਗੁਆਂਢੀਆਂ ਨੇ ਖੂਨ ਨਾਲ ਲੱਥਪੱਥ ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਰਾਜਦੀਪ ਗੰਭੀਰ ਜ਼ਖਮੀ ਹਾਲਤ 'ਚ ਸੀ, ਜਿਸ ਨੂੰ ਇਲਾਜ ਲਈ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਗਿਆ।
ਪੁਲਿਸ ਜਾਂਚ 'ਚ ਲੱਗੀ: ਦੱਸਿਆ ਜਾ ਰਿਹਾ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਅਣਪਛਾਤੇ ਲੋਕਾਂ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਦੌਰਾਨ ਘਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਪੱਟ ਕੇ ਕਾਤਲ ਆਪਣੇ ਨਾਲ ਲੈ ਗਏ। ਉਧਰ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡ ਵਾਸੀਆਂ ਨੇ ਜ਼ਮੀਨੀ ਵਿਵਾਦ ਨੂੰ ਦੱਸਿਆ: ਉਧਰ ਜ਼ਖ਼ਮੀਆਂ ਨੂੰ ਜਦੋਂ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਰਾਜਦੀਪ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਧਰ ਸੂਤਰਾਂ ਦੀ ਮੰਨੀਏ ਤਾਂ ਇੰਨ੍ਹਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ: ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਜਖਮੀ ਹੋਏ ਨੌਜਵਾਨ ਰਾਜਦੀਪ ਸਿੰਘ ਦੀ ਮਾਤਾ ਦਾ ਉਹਨਾਂ ਨੂੰ ਸਵੇਰ ਸਮੇਂ ਫੋਨ ਆਇਆ ਸੀ, ਕਿ ਕੁਝ ਲੋਕ ਰਾਜਦੀਪ ਦੇ ਸੱਟਾਂ ਮਾਰ ਕੇ ਜ਼ਖ਼ਮੀ ਕਰ ਗਏ ਹਨ। ਜਿਸ ਤੋਂ ਬਾਅਦ ਅਸੀਂ ਘਰ ਪੁੱਜ ਕੇ ਦੇਖਿਆ ਤਾਂ ਘਰ ਦੇ ਸਾਰੇ ਦਰਵਾਜ਼ੇ ਬੰਦ ਸਨ। ਘਰ ਦੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਤਾਂ ਪਰਿਵਾਰ ਦੇ ਤਿੰਨੇ ਜੀਅ ਬੁਰੀ ਤਰਾਂ ਜ਼ਖ਼ਮੀ ਸਨ।
ਕਈ ਸਾਲਾਂ ਤੋਂ ਸਹੁਰੇ ਘਰ ਰਹਿ ਰਿਹਾ ਜ਼ਖ਼ਮੀ: ਉਹਨਾਂ ਦੱਸਿਆ ਕਿ ਇਸ ਘਰ ਵਿਚ ਰਾਜਦੀਪ ਸਿੰਘ ਘਰ ਜਵਾਈ ਵਜੋਂ ਰਹਿ ਰਿਹਾ ਸੀ। ਇਸ ਹਮਲੇ ਵਿੱਚ ਉਸ ਦੀ ਸੱਸ ਹਰਬੰਸ ਕੌਰ ਅਤੇ ਪਤਨੀ ਪਰਮਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਜਦਕਿ ਰਾਜਦੀਪ ਦੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਜਿਸ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿੰਡ ਦੇ ਸਰਪੰਚ ਅਤੇ ਗੁਆਂਢੀ ਨੇ ਦੱਸਿਆ ਕਿ ਇਹ ਪਰਿਵਾਰ ਬੇਹੱਦ ਸ਼ਰੀਫ਼ ਪਰਿਵਾਰ ਹੈ। ਘਰ ਵਿੱਚ ਕਦੇ ਵੀ ਕੋਈ ਲੜਾਈ ਝਗੜਾ ਨਹੀਂ ਹੋਇਆ। ਰਾਜਦੀਪ ਸਿੰਘ ਪਿਛਲੇ ਲੰਬੇ ਸਮੇਂ ਤੋਂ ਇੱਥੇ ਪਰਿਵਾਰ ਨਾਲ ਰਹਿ ਰਿਹਾ ਸੀ।
ਪਿੰਡ ਦੇ ਵਿਚਕਾਰ ਘਰ 'ਚ ਵਾਰਦਾਤ: ਉਹਨਾਂ ਦੱਸਿਆ ਕਿ ਹਮਲਾਵਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਪੱਟ ਕੇ ਨਾਲ ਲੈ ਗਏ। ਉਨਾਂ ਕਿਹਾ ਕਿ ਬਹੁਤ ਹੀ ਬੇਰਹਿਮੀ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕਾ ਨੂੰ ਬਹੁਤ ਬੁਰੀ ਤਰਾਂ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਵੱਢਿਆ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਬਿਲਕੁਲ ਵਿਚਕਾਰ ਇਹ ਘਰ ਹੈ, ਇਸਦੇ ਬਾਵਜੂਦ ਇੰਨੀ ਵੱਡੀ ਘਟਨਾ ਵਾਪਰ ਗਈ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਜਲਦ ਤੋਂ ਜਲਦ ਘਟਨਾ ਦੇ ਦੋਸ਼ੀਆਂ ਦੀ ਤਲਾਸ਼ ਕਰੇ ਅਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਜਲਦ ਦੋਸ਼ੀ ਫੜੇਗੀ ਪੁਲਿਸ:ਓਥੇ ਇਸ ਮੌਕੇ ਪਹੁੰਚੇ ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਵਿੱਚ ਪਰਿਵਾਰ ਦੀਆਂ ਦੋ ਔਰਤਾਂ ਦਾ ਕਤਲ ਕੀਤਾ ਗਿਆ ਹੈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਦੋਸ਼ੀਆਂ ਵਲੋਂ ਕਤਲ ਕਰਨ ਤੋਂ ਬਾਅਦ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਦੋਸ਼ੀ ਨਾਲ ਲੈ ਗਏ ਹਨ। ਪੁਲਿਸ ਇਸ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।