ਬਰਨਾਲਾ :ਬਰਨਾਲਾ ਦੇ ਪਿੰਡ ਸੰਘੇੜਾ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਦੇ ਸਾਹਮਣੇ ਪਿੰਡ ਵਾਸੀ ਬੀਤੀ 18 ਅਗਸਤ ਤੋਂ ਧਰਨਾ ਦੇ ਰਹੇ ਹਨ। ਧਰਨਾਕਾਰੀ ਕਾਲਜ ਦੇ ਵਿਕਾਸ ਲਈ ਕਰੀਬ 10 ਸਾਲ ਪਹਿਲਾਂ ਆਈ ਯੂਜੀਸੀ ਵੱਲੋਂ ਇੱਕ ਕਰੋੜ 70 ਲੱਖ ਰੁਪਏ ਦੀ ਗ੍ਰਾਂਟ ਵਿੱਚ ਗਬਨ ਦਾ ਪ੍ਰਬੰਧਕਾਂ ਉਪਰ ਇਲਜ਼ਾਮ ਲਗਾ ਰਹੇ ਹਨ। ਇਸਦੀ ਰਿਪੋਰਟ ਪਿੰਡ ਵਾਸੀਆਂ ਨੇ ਆਰਟੀਏ ਰਾਹੀਂ ਲਈ ਸੀ, ਜਿਸ ਤੋਂ ਬਾਅਦ ਇਹ ਵਿਵਾਦ ਵਧਦਾ ਨਜ਼ਰ ਆਇਆ। ਧਰਨਾਕਾਰੀਆਂ ਨੇ ਇਲਜ਼ਾਮ ਲਗਾਏ ਹਨ ਕਿ ਡੇਢ ਕਰੋੜ ਦੀ ਰਾਸ਼ੀ ਦਾ ਖਰਚ ਕਾਗਜ਼ਾਂ ਵਿੱਚ ਦਿਖਾ ਦਿੱਤਾ ਹੈ। ਜਦਕਿ ਕਾਲਜ ਵਿੱਚ ਬਣਾਇਆ ਜਾਣ ਵਾਲਾ ਆਡੀਟੋਰੀਅਮ, ਸਵੀਮਿੰਗ ਪੂਲ ਅਤੇ ਸਟੇਡੀਅਮ ਦਾ ਸਾਰਾ ਕੰਮ ਅਧੂਰਾ ਹੈ। ਇਸ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਕਾਲਜ ਚੇਅਰਮੈਨ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਗਲਤ ਹੈ, ਕਾਲਜ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ, ਉਹ ਪਿੰਡ ਅਤੇ ਪ੍ਰਸ਼ਾਸਨ ਵਿਚਾਲੇ ਹਿਸਾਬ-ਕਿਤਾਬ ਕਰਵਾਉਣ ਲਈ ਤਿਆਰ ਹਨ।
1 ਕਰੋੜ 53 ਲੱਖ ਦੀ ਗ੍ਰਾਂਟ ਦਾ ਮਾਮਲਾ :ਇਸ ਸਬੰਧੀ ਅੱਜ ਧਰਨੇ 'ਤੇ ਬੈਠੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਲਜ ਨੂੰ ਯੂਜੀਸੀ ਨੇ 1 ਕਰੋੜ 53 ਲੱਖ ਰੁਪਏ ਦੀ ਗ੍ਰਾਂਟ ਭੇਜੀ ਸੀ, ਜਿਸ ਨਾਲ ਕਾਲਜ ਵਿੱਚ ਆਡੋਟੋਰੀਅਮ, ਸਵੀਮਿੰਗ ਪੂਲ ਅਤੇ ਸਟੇਡੀਅਮ ਬਣਾਇਆ ਜਾਣਾ ਸੀ। ਇਸ ਸਬੰਧੀ ਜਦੋਂ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਅਤੇ ਹੋਰ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸ ਗ੍ਰਾਂਟ ਸਬੰਧੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਹਾਸਲ ਕੀਤੀ ਹੈ।