ਬਰਨਾਲਾ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਮਜ਼ਦੂਰ ਔਰਤਾਂ ਵੱਲੋਂ ਬਰਨਾਲਾ ਵਿਖੇ ਮਾਇਕਰੋ ਫਾਇਨਾਂਸ ਕੰਪਨੀਆਂ ਦੀ ਗੁੰਡਾਗਰਦੀ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕੀਤਾ ਗਿਆ। ਮਜ਼ਦੂਰਾਂ ਵਲੋਂ ਬਰਨਾਲਾ ਸ਼ਹਿਰ ਦੇ ਪੱਕਾ ਕਾਲਜ ਰੋਡ 'ਤੇ ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਮਜ਼ਦੂਰਾਂ ਨੇ ਕੰਪਨੀ ਮੁਲਾਜ਼ਮਾਂ 'ਤੇ ਲੋਨ ਰਿਕਵਰੀ ਦੇ ਨਾਮ 'ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ। ਇਸਦੇ ਨਾਲ ਹੀ ਮਜ਼ਦੂਰਾਂ ਨੇ ਕਿਹਾ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਜਿਸ ਕਰਕੇ ਪੰਜਾਬ ਸਰਕਾਰ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰੇ।
ਇਸ ਮੌਕੇ ਪ੍ਰਦਰਸ਼ਨਕਾਰੀ ਆਗੂਆਂ ਅਤੇ ਪੀੜਤ ਔਰਤਾਂ ਨੇ ਲਗਾਉਂਦਿਆਂ ਕਿਹਾ ਕਿ ਫਾਇਨਾਂਸ ਕੰਪਨੀ ਦੇ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਚਲਾਉਣ ਲਈ ਲੋਨ ਦਿੱਤੇ ਗਏ ਸਨ, ਪ੍ਰੰਤੂ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਉਨ੍ਹਾਂ ਦਾ ਕੰਮ-ਕਾਜ ਠੱਪ ਹੋ ਗਿਆ। ਜਿਸ ਵਜ੍ਹਾ ਕਾਰਨ ਉਹ ਕਰਜ਼ਾ ਵਾਪਸ ਦੇਣ ਵਿੱਚ ਅਸਮਰੱਥ ਹਨ। ਪਰ ਲੋਨ ਵਾਲੀਆਂ ਫਾਇਨਾਂਸ ਕੰਪਨੀਆਂ ਵਲੋਂ ਮਜ਼ਦੂਰਾਂ ਦੇ ਘਰਾਂ ਵਿੱਚ ਜਾ ਕੇ ਰਿਕਵਰੀ ਲਈ ਭੱਦੀ ਸ਼ਬਦਾਵਲੀ ਬੋਲਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।