ਬਰਨਾਲਾ: ਕਸਬਾ ਧਨੌਲਾ ਵਿੱਚ ਦੋ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਇਆ ਸੀ, ਜਿਸ ਨੂੰ ਬਰਨਾਲਾ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੀ 1 ਮਹੀਨਾ ਪਹਿਲਾਂ ਧਨੌਲਾ ਦੇ ਇੱਕ ਘਰ ਵਿੱਚੋਂ 75 ਤੋਲੇ ਸੋਨਾ ਅਤੇ ਨਕਦੀ ਦੀ ਚੋਰੀ ਵਿੱਚ ਵੀ ਸ਼ਾਮਲ ਸਨ।
ਕਾਬੂ ਕੀਤੇ ਚੋਰ ਗਿਰੋਹ ਦੇ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਹੈ ਅਤੇ ਉਹ ਧਨੌਲਾ ਵਿਖੇ ਇੱਕ ਦੁਕਾਨ ਚਲਾਉਂਦਾ ਸੀ। ਇਸੇ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੱਖਣ ਸਿੰਘ ਦੇ ਨਾਲ ਮਿਲ ਕੇ ਸ਼ਰਾਬ ਦੀ ਤਸਕਰੀ ਅਤੇ ਚੋਰੀਆਂ ਕਰਨ ਲੱਗ ਪਿਆ। ਸਭ ਤੋਂ ਪਹਿਲਾਂ ਉਸ ਨੇ ਸ਼ਹਿਰ ਦੇ ਇੱਕ ਘਰ ਵਿਚੋਂ ਸੋਨਾ ਚੋਰੀ ਕਰ ਕੇ ਮੱਖਣ ਸਿੰਘ ਨੂੰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਮੁਥੂਟ ਫਾਇਨਾਂਸ ਵਿੱਚ ਡਾਕਾ ਮਾਰਨ ਦੀ ਯੋਜਨਾ ਬਣਾਈ। ਇਸ ਘਟਨਾ ਦੌਰਾਨ ਹੀ ਉਨ੍ਹਾਂ ਵੱਲੋਂ ਪ੍ਰਵਾਸੀ ਮਜ਼ਦੂਰ ਚੌਕੀਦਾਰ ਦਾ ਕਤਲ ਕਰ ਦਿੱਤਾ ਗਿਆ, ਪਰ ਉਹ ਡਾਕਾ ਮਾਰਨ ਵਿੱਚ ਅਸਫ਼ਲ ਰਹੇ। ਕਾਬੂ ਕੀਤੇ ਗੌਰਵ ਕੁਮਾਰ ਨੇ ਦੱਸਿਆ ਕਿ ਸਾਰੀਆਂ ਘਟਨਾਵਾਂ ਦੀ ਯੋਜਨਾ ਅਕਾਲੀ ਦਲ ਦਾ ਆਗੂ ਮੱਖਣ ਸਿੰਘ ਹੀ ਬਣਾਉਂਦਾ ਸੀ। ਮੱਖਣ ਸਿੰਘ ਨਾਲ ਮਿਲ ਕੇ ਉਸ ਨੇ ਸ਼ਰਾਬ ਦੀ ਤਸਕਰੀ ਦਾ ਕੰਮ ਵੀ ਕੀਤਾ ਜਿਸ ਕਰ ਕੇ ਉਸ ਉੱਤੇ ਮੁਕੱਦਮੇ ਵੀ ਦਰਜ ਹੋਏ।