ਬਰਨਾਲਾ:ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀਂ ਹੜਤਾਲ ਕੀਤੀ ਗਈ ਸੀ। ਬੀਤੇ ਦਿਨੀਂ ਪੰਜਾਬ ਸਰਕਾਰ ਨਾਲ ਮੁਲਾਜ਼ਮ ਜੱਥੇਬੰਦੀ ਦੀ ਮੀਟਿੰਗ ਕਰਕੇ ਮਸਲਾ ਹੱਲ ਤੋਂ ਬਾਅਦ ਵੀ ਅੱਜ ਬਰਨਾਲਾ ਡੀਪੂ ਦੇ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਮੁਲਾਜ਼ਮ ਡਿਊਟੀ 'ਤੇ ਆਏ ਸਨ, ਪਰ ਪੀਆਰਟੀਸੀ ਬੱਸਾਂ ਦੀ ਮੈਨੇਜਮੈਂਟ ਮੁਲਾਜ਼ਮਾਂ ਨੂੰ ਡਿਊਟੀ ਕਰਨ ਲਈ ਪ੍ਰਵਾਨਗੀ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਇਹ ਵਤੀਰਾ ਸਰਕਾਰ ਅਤੇ ਪੀਆਰਟੀਸੀ ਦੀ ਮੈਨੈਜਮੈਂਟ 'ਤੇ ਸ਼ੰਕਾ ਪ੍ਰਗਟ ਹੁੰਦਾ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਨੂੰ ਡਿਊਟੀ 'ਤੇ ਨਾ ਲਿਆ ਗਿਆ ਤਾਂ ਉਹ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਸੰਘਰਸ਼ ਤੇਜ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦੇ ਕੱਚੇ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ਉਪਰ ਸਨ। ਬੀਤੇ ਦਿਨੀਂ ਸਰਕਾਰ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ। ਜਿਸ ਕਰਕੇ ਅੱਜ ਸਵੇਰੇ 4 ਵਜੇ ਸਾਰੇ ਮੁਲਾਜ਼ਮ ਆਪਣੀਆਂ ਡਿਊਟੀਆਂ ਉਪਰ ਪਹੁੰਚੇ ਸਨ। ਪਰ ਪੀਆਰਟੀਸੀ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਡਿਊਟੀਆਂ ਉਪਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜੋ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਦੀ ਨੀਤੀ ਤੇ ਸ਼ੰਕਾ ਖੜੇ ਕਰ ਰਿਹਾ ਹੈ।