ਬਰਨਾਲਾ:ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਵੱਲੋਂ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਸ ਨਾਲ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੀ ਲੰਬੇ ਸਮੇਂ ਦੀ ਸਿਹਤ ਸਹੂਲਤਾਂ ਲਈ ਵੱਡੇ ਹਸਪਤਾਲ ਦੀ ਮੰਗ ਪੂਰੀ ਹੋ ਗਈ ਹੈ। ਦੱਸ ਦਈਏ ਕਿ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਾਉਣ ਨੂੰ ਹਰੀ ਝੰਡੀ ਦਿੱਤੀ ਗਈ। ਨਾਲ ਹੀ ਉਨ੍ਹਾਂ ਨੇ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਦੌਰਾਨ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਬਰਨਾਲਾ ਵਿੱਚ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਹਸਪਤਾਲ ਨੂੰ ਬਣਾਉਣ ’ਤੇ ਪੰਜਾਬ ਸਰਕਾਰ 100 ਕਰੋੜ ਰੁਪਈਆ ਲਗਾਵੇਗੀ। ਡੇਢ ਤੋਂ ਦੋ ਸਾਲਾਂ ਵਿੱਚ ਇਹ ਹਸਪਤਾਲ ਬਣ ਕੇ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਸਿਹਤ ਸਹੂਲਤਾਂ ਲਈ ਕੋਈ ਘਾਟ ਨਹੀਂ ਛੱਡੀ ਜਾਵੇਗੀ।
'ਖਰੀਦ ਦਾ ਸਮਾਂ ਅੱਗੇ ਵਧਾਉਣਾ ਗਲਤ ਫੈਸਲਾ'
ਨਾਲ ਹੀ ਉਪ ਮੁੱਖਮੰਤਰੀ ਓਪੀ ਸੋਨੀ ਨੇ ਝੋਨਾ ਦੀ ਖਰੀਦ ਦੀ ਤਾਰੀਖ ਅੱਗੇ ਵਧਾਉਣ ’ਤੇ ਇਤਰਾਜ਼ ਜਤਾਉਂਦੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫੈਸਲਾ ਹੈ। ਪਰ ਖਰੀਦ ਦਾ ਟਾਇਮ ਅੱਗੇ ਵਧਾਉਣਾ ਗਲਤ ਫੈਸਲਾ ਹੈ। ਉਹੀ 2022 ਦੇ ਚੋਣ ਦੇ ਮੱਦੇਨਜਰ ਅਰਵਿੰਦ ਕੇਜਰੀਵਾਲ ਵੱਲੋਂ ਸਿਹਤ ਜਰੂਰਤਾਂ ਨੂੰ ਲੈ ਕੇ ਜੋ ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਹ ਸਰਾਸਰ ਡਰਾਮਾ ਹੈ।