ਬਰਨਾਲਾ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਅਤੇ ਉਤਸ਼ਾਹ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਸਾਹਿਬ ਵਿੱਚ ਇੱਕ ਮੁਫਤ ਯਾਤਰਾ ਕਾਊਂਟਰ ਖੋਲ੍ਹਿਆ ਗਿਆ ਸੀ। ਜਿਸਦੇ ਨਾਲ ਲਗਾਤਾਰ ਸ਼ਰਧਾਲੁਆਂ ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਮੁਫਤ ਸੁੱਖ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਤਹਿਤ ਬਰਨਾਲਾ ਤੋਂ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੱਕ ਜੱਥਾ ਬੱਸ ਰਾਹੀਂ ਰਵਾਨਾ ਕੀਤਾ ਗਿਆ ਹੈ।
ਇਸ ਸਬੰਧੀ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਮੁਫਤ ਯਾਤਰਾ ਕਾਊਂਟਰ ਉੱਤੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਲਗਾਤਾਰ ਜਾਰੀ ਹੈ। ਇਸ ਯਾਤਰਾ ਕਾਊਂਟਰ ਉੱਤੇ 110 ਲੋਕਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਦੂਜਾ ਜੱਥਾ ਵੀ ਕਰਤਾਰਪੁਰ ਸਾਹਿਬ ਰਵਾਨਾ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਕੋਵਿਡ ਗਾਇਡਲਾਇਨਜ਼ ਦੀ ਪਾਲਣਾ ਕਰਦੇ ਹੋਏ ਯਾਤਰਾ ਲਈ ਜਾਣ ਵਾਲੀ ਸਾਰੀ ਸੰਗਤ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈੱਸ ਨੂੰ ਵੇਖਦੇ ਹੋਏ ਛੋਟੇ-ਛੋਟੇ ਜੱਥਿਆਂ ਵਿੱਚ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦਰਸ਼ਨਾਂ ਦੇ ਲਈ ਭੇਜਿਆ ਜਾ ਰਿਹਾ ਹੈ।