ਪੰਜਾਬ

punjab

ETV Bharat / state

ਠੇਕਾ ਮੁਲਾਜ਼ਮਾਂ ਦਾ ਅੱਧੀ ਰਾਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ, ਕੱਢੀ ਜਾਗੋ

ਸੂਬੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਵੱਖ ਜ਼ਿਲ੍ਹਿਆਂ ਦੇ ਸ਼ਹਿਰਾਂ ਵਿੱਚ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਕੈਬਨਿਟ ਮੰਤਰੀਆਂ ਦਾ ਘਿਰਾਓ ਕੀਤਾ। ਤਸਵੀਰਾਂ ਬਰਨਾਲਾ ਅਤੇ ਅੰਮ੍ਰਿਤਸਰ ਵਿਖੇ ਜੰਡਿਆਲਾ ਤੋਂ ਸਾਹਮਣੇ ਆਈਆਂ ਹਨ, ਜਿੱਥੇ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਜਾਗੋ ਕੱਢੀ ਗਈ।

contract employees protest, Amritsar, barnala jago
ਠੇਕਾ ਮੁਲਾਜ਼ਮਾਂ ਨੇ ਰਾਤ ਸਮੇਂ ਘੇਰੀ ਮੰਤਰੀ ਮੀਤ ਹੇਅਰ ਦੀ ਕੋਠੀ, ਸ਼ਹਿਰ ਵਿੱਚ ਕੱਢੀ ਜਾਗੋ

By

Published : Dec 18, 2022, 7:36 AM IST

Updated : Dec 18, 2022, 10:19 AM IST

ਠੇਕਾ ਮੁਲਾਜ਼ਮਾਂ ਦਾ ਅੱਧੀ ਰਾਤ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ, ਕੱਢੀ ਜਾਗੋ

ਬਰਨਾਲਾ/ ਅੰਮ੍ਰਿਤਸਰ:ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਨਾਂ ਕਿਸੇ ਅਲਟੀਮੇਟਮ ਦੇ ਦੇਰ ਰਾਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਦਾ ਘਿਰਾਓ ਕੀਤਾ ਗਿਆ। ਉੱਥੇ ਹੀ, ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਗਿਆ। ਪੂਰੇ ਸ਼ਹਿਰ ਵਿੱਚ ਜਾਗੋ ਵੀ ਕੱਢੀ ਗਈ। ਇਸ ਘਿਰਾਓ ਪ੍ਰਦਰਸ਼ਨ ਵਿੱਚ ਬਠਿੰਡਾ, ਬਰਨਾਲਾ ਅਤੇ ਮਲੇਰਕੋਟਲਾ ਦੇ ਕੱਚੇ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ, ਅੱਧੀ ਰਾਤ ਨੂੰ ਠੇਕਾ ਮੁਲਾਜ਼ਮਾਂ ਨੇ ਜੰਡਿਆਲਾ ਵਿੱਚ ਵੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ।

ਬਰਨਾਲਾ 'ਚ ਰੋਸ ਪ੍ਰਦਰਸ਼ਨ:ਧਰਨਾਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ। ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦਾ ਹਵਾਲਾ ਦਿੱਤਾ ਜਾਵੇ। ਇਸ ਨਿਰਾਸ਼ਾ ਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਤਰਫੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਬਰਨਾਲਾ ਕੋਠੀ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਠੇਕਾ ਮੁਲਾਜ਼ਮਾਂ ਨੇ ਰਾਤ ਸਮੇਂ ਘੇਰੀ ਮੰਤਰੀ ਮੀਤ ਹੇਅਰ ਦੀ ਕੋਠੀ

ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ:ਧਰਨਾਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਕੱਚੇ ਕੰਮ ਪੱਕੇ ਕਰਨ, ਠੇਕਾ ਪ੍ਰਣਾਲੀ ਬੰਦ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਅਦਾਰਿਆਂ ਨਾਲ ਜੋੜ ਕੇ ਉਨ੍ਹਾਂ ਨੂੰ ਨਿਗੂਣੀ ਤਨਖ਼ਾਹ ਤੋਂ ਛੁਟਕਾਰਾ ਦਿਵਾਉਣ ਦੇ ਵਾਅਦੇ ਤੋਂ ਮੁੱਕਰ ਰਹੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ, ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਪਰ, ਪੰਜਾਬ ਸਰਕਾਰ ਹਰ ਵਾਰ ਮੀਟਿੰਗਾਂ ਦਾ ਹਵਾਲਾ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ। ਇਸ ਨਿਰਾਸ਼ਾ ਕਾਰਨ ਕੈਬਨਿਟ ਮੰਤਰੀਆਂ ਦੇ ਘਰ ਪੰਜਾਬ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸੇ ਤਹਿਤ ਠੇਕਾ ਮੁਲਾਜ਼ਿਮ ਸੰਘਰਸ਼ ਮੋਰਚਾ ਪੰਜਾਬ ਦੀ ਤਰਫੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਹ ਪ੍ਰਦਰਸ਼ਨ ਸਾਰੀ ਰਾਤ ਜਾਰੀ ਰਹੇਗਾ ਅਤੇ ਪੰਜਾਬ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸਵੇਰੇ ਪ੍ਰਭਾਤ ਫੇਰੀ ਵੀ ਕੱਢੀ ਜਾਵੇਗੀ।


ਅੰਮ੍ਰਿਤਸਰ 'ਚ ਵੀ ਕੱਢੀ ਗਈ ਜਾਗੋ ਤੇ ਦਿੱਤੀ ਚੇਤਾਵਨੀ:ਜੰਡਿਆਲਾ ਦੇ ਬਜ਼ਾਰ ਵਿੱਚ ਕਾਫ਼ਲੇ ਵੱਲੋਂ ਮਾਰਚ ਕਰਦਿਆਂ ਠੇਕਾ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਮੰਗ ਅਤੇ "ਲੋਟੂ ਠੇਕੇਦਾਰ ਤੇ ਕੰਪਨੀਆਂ ਨੂੰ ਬਾਹਰ ਕਰੋ" ਦੇ ਨਾਅਰੇ ਲਗਾਏ ਗਏ। ਪ੍ਰੈਸ ਬਿਆਨ ਰਾਹੀਂ ਪ੍ਰਦਰਸ਼ਨ ਦੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ ਆਦਿ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਉਹ ਲਗਭਗ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਸੇਵਾ ਦੇ ਅਦਾਰਿਆਂ ਦੀ ਸਰਕਾਰਾਂ, ਠੇਕਾਦਾਰਾਂ ਅਤੇ ਕੰਪਨੀਆਂ ਵਲੋਂ ਕੀਤੀ ਜਾ ਰਹੀ ਕਥਿਤ ਅੰਨੀ ਲੁੱਟ ਵਿਰੁੱਧ, ਲੋਕਾਂ ਨੂੰ ਮਿਲਦੀਆਂ ਤਿੱਲ ਫੁੱਲ ਰਿਆਇਤਾਂ ਦੇ ਬਚਾਅ ਲਈ ਅਤੇ ਆਪਣੇ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਹਨ।

ਇਨ੍ਹਾਂ ਮੰਤਰੀਆਂ ਖਿਲਾਫ਼ ਦੀ ਰਿਹਾਇਸ਼ ਦਾ ਘਿਰਾਓ:ਪ੍ਰਦਰਸ਼ਨਕਾਰੀ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਪਰਿਵਾਰਾਂ ਸਮੇਤ ਵੱਡੇ ਇਕੱਠ ਕਰਕੇ, ਪਹਿਲਾਂ ਜਾਗੋਆਂ ਕੱਢੀ ਗਈ ਅਤੇ ਫਿਰ ਸਾਰੀ ਰਾਤ ਜਗਰਾਤੇ ਕੀਤੇ ਗਏ। ਇਸ ਤੋਂ ਇਲਾਵਾ ਤੜਕਸਾਰ ਪ੍ਰਭਾਤ ਫੇਰੀ ਰਾਹੀਂ ਪੰਜਾਬ ਸਰਕਾਰ ਵਿਰੁੱਧ ਮਿਹਨਤਕਸ਼ ਲੋਕਾਂ ਨੂੰ ਇਕਮੁੱਠ ਅਤੇ ਇਕਜੁੱਟ ਹੋਕੇ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੁਨੇਹਾ ਦਿੱਤਾ ਗਿਆ। ਇਨ੍ਹਾਂ ਜਾਗੋ ਮਾਰਚਾਂ, ਜਗਰਾਤਿਆਂ ਅਤੇ ਪ੍ਰਭਾਤ ਫੇਰੀਆਂ ਦਾ ਸੰਘਰਸ਼ ਪ੍ਰੋਗਰਾਮ ਪੰਜਾਬ ਦੇ 6 ਕੈਬਨਿਟ ਮੰਤਰੀਆਂ ਕ੍ਰਮਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ, ਬ੍ਰਹਮ ਸ਼ੰਕਰ ਜਿੰਪਾ, ਫੌਜਾ ਸਿੰਘ ਸਰਾਰੀ, ਗੁਰਮੀਤ ਸਿੰਘ ਮੀਤ ਹੇਅਰ ਅਤੇ ਹਰਭਜਨ ਸਿੰਘ ਈਟੀਓ ਦੇ ਦਫਤਰਾਂ ਅਤੇ ਰਿਹਾਇਸ਼ਾਂ ਦੇ ਬਾਹਰ ਕੀਤੇ ਗਏ ਹਨ।

ਮੰਗਾਂ ਨਾ ਮੰਨੀਆਂ ਤਾਂ, ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ:ਨਾਰਾਜ਼ ਹੋਏ ਧਰਨਾਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਬੀਤੇ ਲੰਬੇ ਸਮੇਂ ਤੋਂ 7 ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਉੱਤੇ ਜਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਗੱਲਬਾਤ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਸਰਕਾਰ ਉੱਤੇ ਦੋਸ਼ ਲਾਉਂਦੇ ਕਿਹਾ ਕਿ ਠੇਕਾ ਕਾਮਿਆਂ ਦੇ ਸੰਘਰਸ਼ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਗੱਲ, ਤਾਂ ਦੂਰ ਅੱਜ ਉਨ੍ਹਾਂ ਦਾ ਠੇਕਾ ਰੁਜ਼ਗਾਰ ਵੀ ਖੋਹਿਆ ਜਾ ਰਿਹਾ ਹੈ। ਆਪ ਸਰਕਾਰ ਵਲੋਂ ਪਿਛਲੀ ਸਰਕਾਰ ਦੇ ਰਾਹ 'ਤੇ ਚੱਲ ਕੇ ਪਹਿਲਾ ਕਥਿਤ ਡੇਢ ਲੱਖ ਦੇ ਕਰੀਬ ਪੱਕੇ ਰੁਜ਼ਗਾਰ ਦਾ ਉਜਾੜਾ ਕਰਕੇ ਬੇਰੁਜਗਾਰਾਂ ਨਾਲ ਧੋਖਾ ਕੀਤਾ ਗਿਆ ਤੇ ਹੁਣ ਉਨ੍ਹਾਂ ਨੂੰ ਪੱਕੀ ਭਰਤੀ ਦਾ ਲਾਰਾ ਲਾਕੇ ਲੰਮੇ ਸਮੇਂ ਤੋਂ ਕੰਮ ਕਰਦੇ ਠੇਕਾ ਕਾਮਿਆਂ ਦਾ ਰੁਜ਼ਗਾਰ ਖੋਹਿਆਂ ਜਾ ਰਿਹਾ ਹੈ। ਇਸ ਨੀਤੀ ਤਹਿਤ ਬਿਜਲੀ ਖੇਤਰ ਵਿੱਚ ਠੇਕੇ 'ਤੇ ਕੰਮ ਕਰਦੇ ਕੰਪਿਊਟਰ ਅਪਰੇਟਰਾਂ, ਡੀਸੀ ਦਫ਼ਤਰ ਬਰਨਾਲਾ ਦੇ ਕਲਰਕਾਂ ਸਰਕਾਰੀ ਹਸਪਤਾਲ ਤਪਾ ਦੇ ਸਿਹਤ ਕਾਮਿਆਂ ਬਿਜਲੀ ਵਿਭਾਗ ਦੇ ਸਹਾਇਕ ਲਾਇਨਮੈਨਾਂ ਵੇਰਕਾ ਮਿਲਕ ਪਲਾਂਟ ਦੇ ਕਾਮਿਆਂ ਦੀ ਛਾਂਟੀ ਦੀਆਂ ਸਰਕਾਰ ਤਿਆਰੀਆਂ ਵਿੱਚ ਹੈ।


ਮੋਰਚੇ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਧੋਖੇ ਦੀ ਕਾਰਪੋਰੇਟ ਘਰਾਣਿਆਂ ਪੱਖੀ ਸੇਵਾ ਦੀ ਖੇਡ ਬੰਦ ਕਰਕੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕੱਢੇ। ਛਾਂਟੀ ਦੇ ਹਮਲੇ ਨੂੰ ਤੁਰੰਤ ਬੰਦ ਕਰੇ ਸਰਕਾਰੀ ਵਿਭਾਗਾਂ ਵਿੱਚ ਠੇਕੇਦਾਰਾਂ ਤੇ ਕੰਪਨੀਆਂ ਨੂੰ ਬਾਹਰ ਕਰਕੇ ਠੇਕਾ ਕਾਮਿਆਂ ਨੂੰ ਵਿਭਾਗਾਂ ਵਿੱਚ ਸ਼ਾਮਲ ਕਰੇ ਅਗਰ ਅਜਿਹਾ ਨਹੀ ਤਾਂ, ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।




ਇਹ ਵੀ ਪੜ੍ਹੋ:ਪੰਜਾਬ ਸਰਕਾਰ ਬਣਾਵੇਗੀ 'Healthy' ਸ਼ਰਾਬ ! ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ, ਗਰਮਾਇਆ ਸਿਆਸੀ ਮਾਹੌਲ

Last Updated : Dec 18, 2022, 10:19 AM IST

ABOUT THE AUTHOR

...view details