Demonstration by CPI: ਕੇਂਦਰੀ ਬਜਟ ਅਤੇ ਕਾਰਪੋਰੇਟਾਂ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ, ਕੇਂਦਰ ਉੱਤੇ ਸਨਅਤਕਾਰਾਂ ਦੀ ਮਦਦ ਕਰਨ ਦੇ ਲਾਏ ਇਲਜ਼ਾਮ ਬਰਨਾਲਾ: ਭਾਰਤ ਸਰਕਾਰ ਦੇ ਕੇਂਦਰੀ ਬਜ਼ਟ ਅਤੇ ਅਡਾਨੀ ਗਰੁੱਪ ਦੇ ਸਾਹਮਣੇ ਆਏ ਸੱਚ ਦੇ ਸਬੰਧ ਵਿੱਚ ਸੀਪੀਆਈ ਪਾਰਟੀ ਵੱਲੋਂ ਬਰਨਾਲਾ ਵਿੱਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਰਨਾਲਾ ਦੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਦੀ ਅਰਥੀ ਵੀ ਸਾੜੀ ਗਈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਉੱਤੇ ਕਾਰਪੋਰੇਟਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਇਲਜ਼ਾਮ ਲਗਾਏ ਗਏ।
ਕਾਰਪੋਰੇਟ ਪੱਖੀ ਬਜ਼ਟ:ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜੋ ਸੰਸਦ ਵਿੱਚ ਸਾਲਾਨਾ ਬਜ਼ਟ ਪੇਸ਼ ਕੀਤਾ ਗਿਆ ਹੈ ਉਹ ਸਾਰਾ ਹੀ ਕਾਰਪੋਰੇਟ ਪੱਖੀ ਬਜ਼ਟ ਹੈ। ਇਸ ਬਜ਼ਟ ਵਿੱਚ ਆਮ ਲੋਕਾਂ ਲਈ ਕੁੱਝ ਵੀ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਇਸ ਬਜਟ ਵਿੱਚ ਆਮ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਸਾਰੇ ਦਾ ਸਾਰਾ ਬਜਟ ਕਾਰਪੋਰੇਟਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜਦਕਿ ਸਰਕਾਰ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਸੀ।
ਰਿਸਰਚ ਕੰਪਨੀ ਹਿੰਡਨਬਰਗ: ਉਹਨਾਂ ਕਿਹਾ ਕਿ ਦੇਸ਼ ਦੇ ਬੈਂਕਾਂ ਨੂੰ ਲੁੱਟਣ ਵਾਲੇ ਕਾਰਪੋਰੇਟਾਂ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਫ਼ੈਸਲੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਵੱਡੇ ਕਾਰਪੋਰੇਟ ਅੰਡਾਨੀ ਗਰੁੱਪ ਦਾ ਅਮਰੀਕਾ ਦੀ ਵੱਡੀ ਰਿਸਰਚ ਕੰਪਨੀ ਹਿੰਡਨਬਰਗ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਕੇਂਦਰ ਸਰਕਾਰ ਅਜੇ ਵੀ ਇਸ ਕਾਰਪੋਰੇਟ ਵਿਰੁੱਧ ਕੋਈ ਜਾਂਚ ਜਾਂ ਕਾਰਵਾਈ ਕਰਨ ਨੂੰ ਤਿਆਰ ਨਹੀਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਅੰਡਾਨੀ ਗਰੁੱਪ ਦੇ ਇਸ ਵੱਡੇ ਘੁਟਾਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਸੀਪੀਆਈ ਵਲੋਂ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:Bomb was destroyed in Ludhiana: ਲੁਧਿਆਣਾ 'ਚ ਮਿਲੇ ਬੰਬ ਨੂੰ ਕੀਤਾ ਗਿਆ ਨਸ਼ਟ, ਇਸ ਅਧਿਕਾਰੀ ਨੇ ਵਿਖਾਈ ਬਹਾਦੁਰੀ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਨੂੰ ਫਾਇਦਾ ਦੇਣ ਦੇ ਚੱਕਰ ਵਿੱਚ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਾਉਣ ਉੱਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਇਸ ਬਜਟ ਵਿੱਚ ਦੇਸ਼ ਅੰਦਰ ਫੈਲੀ ਬੇਰੁਜ਼ਗਾਰੀ, ਨਿਘਾਰ ਵੱਲ ਜਾ ਰਹੀ ਕਿਰਸਾਨੀ ਵੱਲ ਕੇਂਦਰ ਸਰਕਾਰ ਨੇ ਜ਼ਰਾ ਵੀ ਧਿਆਨ ਨਹੀਂ ਦਿੱਤਾ ਅਤੇ ਕੇਂਦਰ ਸਰਕਾਰ ਦਾ ਸਾਰਾ ਧਿਆਨ ਦੇਸ਼ ਦੀ ਸਰਕਾਰੀ ਸੰਪੱਤੀ ਨੂੰ ਕਾਰਪੋਰੇਟਾਂ ਨੂੰ ਵੇਚਣ ਵੱਲ ਕੇਂਦਰਿਤ ਹੈ।