ਸਰਕਾਰ ਨੂੰ ਚੁੱਲ੍ਹਿਆਂ ਦੀ ਅੱਗ ਦਾ ਵਾਸਤਾ ਬਰਨਾਲਾ: ਪੰਜਾਬ ਸਰਕਾਰ ਵਲੋਂ ਜਗਾੜੂ ਰੇਹੜੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਨੂੰ ਬਾਅਦ 'ਚ ਵਾਪਸ ਵੀ ਲਿਆ ਗਿਆ ਸੀ ਪਰ ਮੁੜ ਤੋਂ ਰੇਹੜੀਆਂ ਬੰਦ ਕਰਨ ਦੀ ਚਰਚਾ ਸਾਹਮਣੇ ਆਉਣ ਤੋਂ ਬਾਅਦ ਚਾਲਕਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਜਿਸ ਦੇ ਚੱਲਦੇ ਬਰਨਾਲਾ ਦਾਣਾ ਮੰਡੀ ਵਿੱਚ ਮੋਟਰਸਾਈਕਲ ਰੇਹੜੀ ਵਾਲਿਆਂ ਵਲੋਂ ਵੱਡਾ ਇਕੱਠ ਕਰਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਵਲੋਂ ਸੂਬੇ ਵਿੱਚ ਜਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮੰਗ ਪੱਤਰ ਦੇ ਕੇ ਕੀਤਾ ਰੋਸ ਮਾਰਚ: ਰੇਹੜੀ ਯੂਨੀਅਨ ਵਲੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਗਾੜੂ ਮੋਟਰਸਾਈਕਲ ਰੇਹੜੀਆਂ ਚੱਲਦੀਆਂ ਰੱਖਣ ਦੀ ਅਪੀਲ ਕੀਤੀ ਗਈ ਹੈ। ਜਿਸ 'ਚ ਪ੍ਰਦਰਸ਼ਨਕਾਰੀਆਂ ਨੇ ਬਰਨਾਲਾ ਦੀ ਦਾਣਾ ਮੰਡੀ ਤੋਂ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਡੀਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ। ਪ੍ਰਦਰਸ਼ਨਕਾਰੀਆ ਨੇ ਕਿਹਾ ਕਿ ਮੋਟਰਸਾਈਕਲ ਰੇਹੜੀਆਂ ਨਾਲ ਸੈਂਕੜੇ ਘਰਾਂ ਦੇ ਰੁਜ਼ਗਾਰ ਜੁੜੇ ਹੋਏ ਹਨ, ਜਿਸ ਕਰਕੇ ਆਪਣੇ ਘਰਾਂ ਦੇ ਚੁੱਲ੍ਹੇ ਬਲਦੇ ਰੱਖਣ ਲਈ ਸਰਕਾਰ ਨੂੰ ਵਾਸਤਾ ਪਾਇਆ ਗਿਆ ਹੈ।
ਰੋਸ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਸਰਕਾਰ ਦੇ ਫੈਸਲੇ ਦਾ ਵਿਰੋਧ: ਇਸ ਮੌਕੇ ਗੱਲਬਾਤ ਕਰਦਿਆਂ ਜਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਵਲੋਂ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਮੋਟਰਸਾਈਕਲ ਜਗਾੜੂ ਰੇਹੜੀਆਂ ਵਾਲਿਆਂ ਦਾ ਵੱਡਾ ਇਕੱਠ ਰੱਖਿਆ ਗਿਆ ਹੈ। ਉਹਨਾਂ ਨੇ ਆਪਣਾ ਮੰਗ ਪੱਤਰ ਜ਼ਿਲ੍ਹੇ ਨਾਲ ਸਬੰਧਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਹੈ। ਜਿਸ 'ਚ ਸੂਬਾ ਸਰਕਾਰ ਵਲੋਂ ਮੋਟਰਸਾਈਕਲ ਰੇਹੜੀਆਂ ਨੂੰ ਆਉਣ ਵਾਲੀ 8 ਤਾਰੀਖ ਨੂੰ ਇੰਨ੍ਹਾਂ ਜਗਾੜੂ ਰੇਹੜੀਆਂ ਨੂੰ ਬੰਦ ਕਰਨ ਦੇ ਹੁਕਮ ਕੀਤੇ ਗਏ ਹਨ। ਜਿਸਦਾ ਉਹ ਵਿਰੋਧ ਕਰ ਰਹੇ ਹਨ।
ਰੁਜ਼ਗਾਰ ਬੰਦ ਕਰਨ 'ਤੇ ਤੁਰੀ ਸਰਕਾਰ: ਉਹਨਾਂ ਕਿਹਾ ਕਿ ਮੋਟਰਸਾਈਕਲ ਰੇਹੜੀ ਨਾਲ ਸੂਬੇ ਭਰ ਦੇ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਚੱਲ ਰਹੇ ਹਨ। ਸਾਡੇ ਵਰਗੇ ਕਿਰਤੀ ਲੋਕਾਂ ਦਾ ਮੋਟਰਸਾਈਕਲ ਜਗਾੜੂ ਰੇਹੜੀ ਰੁਜ਼ਗਾਰ ਹੈ। ਜਿਸਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਸਾਡਾ ਰੁਜ਼ਗਾਰ ਬੰਦ ਹੋਣ ਨਾਲ ਸਾਡੇ ਘਰਾਂ ਦੇ ਚੁੱਲ੍ਹੇ ਬੰਦ ਹੋ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਰ ਘਰ ਦਾ ਚੁੱਲ੍ਹਾ ਚਲਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਾਡੇ ਘਰਾਂ ਦੇ ਚੁੱਲ੍ਹੇ ਬੁਝਾਏ ਜਾ ਰਹੇ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਕਿ ਸਰਕਾਰ ਨੇ ਨਵੇਂ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਹੈ, ਸਗੋਂ ਸਰਕਾਰ ਸਾਡੇ ਰੁਜ਼ਗਾਰ ਵੀ ਖੋਹਣ ਜਾ ਰਹੀ ਹੈ। ਉਹਨਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 500 ਦੇ ਕਰੀਬ ਜਗਾੜੂ ਮੋਟਰਸਾਈਕਲ ਰੇਹੜੀ ਨਾਲ ਪਰਿਵਾਰ ਰੁਜ਼ਗਾਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਵਲੋਂ ਮੋਟਰਸਾਈਕਲ ਰੇਹੜੀਆਂ ਬੰਦ ਨਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ।