ਬਰਨਾਲਾ :ਬਰਨਾਲਾ ਦੇ ਪਿੰਡ ਕੋਟਦੁੰਨਾ ਦੀ ਅੰਜਲੀ ਕੌਰ ਨੇ ਜੱਜ ਬਣ ਕੇ ਮਾਪਿਆਂ ਸਮੇਤ ਬਰਨਾਲਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੰਜਲੀ ਦੇ ਪਿਤਾ ਬਰਨਾਲਾ ਪੁਲਿਸ ਵਿੱਚ ਨੌਕਰੀ ਕਰਦੇ ਹਨ। ਇਸਤੋਂ ਪਹਿਲਾਂ ਉਹਨਾਂ ਨੇ ਭਾਰਤੀ ਫ਼ੌਜ ਵਿੱਚ ਨੌਕਰੀ ਕੀਤੀ ਅਤੇ ਸੈਨਾ ਮੈਡਲ ਹਾਸਲ ਕੀਤਾ। ਹੁਣ ਉਹਨਾਂ ਦੀ ਬੇਟੀ ਨੇ ਜੱਜ ਬਣ ਕੇ ਮਾਪਿਆਂ ਦੀ ਨਾਮ ਰੌਸ਼ਨ ਕੀਤਾ ਹੈ। ਪਰਿਵਾਰ ਆਪਣੀ ਬੱਚੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਅੰਜਲੀ ਦੇ ਜੱਜ ਬਨਣ ਤੋਂ ਬਾਅਦ ਭਦੌੜ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਪਰਿਵਾਰ ਨੂੰ ਸਰਕਾਰ ਤੇ ਆਪ ਪਾਰਟੀ ਵਲੋਂ ਵਧਾਈ ਦੇਣ ਉਹਨਾਂ ਦੇ ਘਰ ਪੁੱਜੇ।
ਬੈਚ ਵਿੱਚ ਸਭ ਤੋਂ ਘੱਟ ਉਮਰ :ਅੰਜਲੀ ਕੌਰ ਨੇ ਕਿਹਾ ਕਿ ਉਸ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਜੱਜ ਬਣੀ ਹੈ। ਉਹਨਾਂ ਕਿਹਾ ਕਿ ਉਸਨੇ ਪੜ੍ਹਾਈ ਉਪਰੰਤ ਕੋਚਿੰਗ ਲੈ ਕੇ ਆਪਣੀ ਮਿਹਨਤ ਕਰਕੇ ਪੇਪਰ ਕਲੀਅਰ ਕਰਨ ਲਈ ਪੂਰਾ ਜ਼ੋਰ ਲਗਾਇਆ ਅਤੇ ਇਹ ਪੇਪਰ ਪਾਸ ਹੋਇਆ। ਉਸਨੇ ਦੱਸਿਆ ਕਿ ਪੇਪਰ ਤੋਂ ਪਹਿਲਾਂ ਡਰ ਸੀ, ਪਰ ਫਿਰ ਵੀ ਆਪਣੇ ਆਪ ਤੇ ਭਰੋਸਾ ਸੀ ਕਿ ਮੈਂ ਤਿਆਰੀ ਕੀਤੀ ਹੈ ਅਤੇ ਮੇਰੀ ਮਿਹਨਤ ਰੰਗ ਲਿਆਵੇਗੀ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਬਹੁਤ ਸਹਿਯੋਗ ਦਿੱਤਾ ਹੈ। ਮੇਰੇ ਭੈਣ ਭਰਾਵਾਂ ਅਤੇ ਮੇਰੇ ਮੈਂਟਰਸ ਨੇ ਵੀ ਬਹੁਤ ਸਾਥ ਦਿੱਤਾ, ਜਿਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਕਿਹਾ ਕਿ ਮੇਰੀ ਉਮਰ 23 ਸਾਲ ਹੈ ਅਤੇ ਇਸ ਬੈਚ ਵਿੱਚ ਸਭ ਤੋਂ ਘੱਟ ਉਮਰ ਦੀ ਹਾਂ।