ਬਰਨਾਲਾ: ਜ਼ਿਲ੍ਹੇ ਦੇ ਪਿੰਡ ਘੁੰਨਸ ਵਿਖੇ ਗਊਵੰਸ਼ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਹੁੰਦੇ ਇਸ ਧੰਦੇ ਦਾ ਪਿੰਡ ਵਾਸੀਆ ਨੇ ਪਰਦਾਫ਼ਾਸ ਕੀਤਾ ਹੈ। ਘਰ ਵਿਚੋਂ 28 ਜਿਉਂਦੇ ਗਊਵੰਸ਼ ਮਿਲੇ ਹਨ। ਉਥੇ ਘਰ ਵਿੱਚ ਪੁੱਟੇ ਵੱਡੇ ਟੋਏ ਮਿਲੇ ਹਨ। ਪ੍ਰਤੱਖਦਰਸੀ ਨੌਜਵਾਨ ਮੁਤਾਬਕ, ਇਸ ਘਰ ਨੇੜੇ ਵੱਡੇ ਪੱਧਰ ਉੱਤੇ ਖੂਨ ਦਿਖਾਈ ਦਿੱਤਾ ਅਤੇ ਗੰਦਾ ਮੁਸਕ ਆਉਂਦਾ ਸੀ ਜਿਸ ਤੋਂ ਬਾਅਦ ਪਿੰਡ ਵਾਸੀਆ ਨੂੰ ਨਾਲ ਲੈ ਕੇ ਇਸ ਧੰਦੇ ਦਾ ਪਰਦਾਫ਼ਾਸ ਕੀਤਾ ਗਿਆ।
ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਗਊਵੰਸ਼ ਸੁਰੱਖਿਅਤ ਨੇੜੇ ਦੀ ਗਊਸ਼ਾਲਾ ਭੇਜੇ ਗਏ ਹਨ। ਉਥੇ ਪੁਲਿਸ ਆਪਣੀ ਕਾਰਵਾਈ ਵਿਚ ਲੱਗੀ ਹੋਈ ਹੈ। ਪਿੰਡ ਘੁੰਨਸ ਹਲਕਾ ਭਦੌੜ ਦਾ ਪਿੰਡ ਹੈ, ਜਿੱਥੋਂ ਮੁੱਖ ਮੰਤਰੀ ਚਰਨਜੀਤ ਚੰਨੀ ਚੋਣ ਲੜ ਰਹੇ ਹਨ। ਇਸ ਧੰਦੇ ਦਾ ਪਰਦਾਫ਼ਾਸ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਰੇਹੜੀ ਚਲਾਉਣ ਦਾ ਕੰਮ ਕਰਦਾ ਹੈ। ਉਸ ਨੂੰ ਇਸ ਬੁੱਚੜਖਾਨੇ ਨੇੜੇ ਕਾਫ਼ੀ ਮੁਸ਼ਕ ਆਇਆ, ਜਿੱਥੇ ਦੇਖਿਆ ਤਾਂ ਵੱਡੀ ਮਾਤਰਾ ਵਿੱਚ ਖੂਨ ਡੁੱਲਿਆ ਹੋਇਆ ਸੀ। ਇਸ ਤੋਂ ਬਾਅਦ ਉਸ ਇਲਾਕੇ 'ਤੇ ਨਜ਼ਰ ਰੱਖੀ ਗਈ ਅਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।