ਬਰਨਾਲਾ: ਕੋਰੋਨਾ ਵਾਇਰਸ ਦੀ ਤਬਾਹੀ ਦਾ ਸਿਲਸਿਲਾ ਜਾਰੀ ਹੈ, ਜੇਕਰ ਬਰਨਾਲਾ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਵਿੱਚ ਬਰਨਾਲਾ ਵਿੱਚ 14 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉੱਥੇ ਹੀ ਤਾਜ਼ਾ ਰਿਪੋਰਟ ਅਨੁਸਾਰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ 60 ਸਾਲਾ ਔਰਤ ਆਪਣੇ ਪਤੀ ਨਾਲ ਚੈਕਿੰਗ ਦੌਰਾਨ ਦਵਾਈ ਲੈਣ ਆਈ ਤਾਂ ਚੈਕਅਪ ਦੌਰਾਨ ਔਰਤ ਨੂੰ ਬੁਖਾਰ, ਖੰਘ ਅਤੇ ਫੇਫੜਿਆਂ ਦੀ ਮੁਸ਼ਕਿਲ ਸਾਹਮਣੇ ਆਈ।
ਇਸ ਤੋਂ ਬਾਅਦ ਉਸ ਔਰਤ ਦੇ ਟੈਸਟ ਲਏ ਗਏ ਪਰ ਉਸ ਉਪਰੰਤ ਔਰਤ ਦੀ ਮੌਤ ਹੋ ਗਈ। ਔਰਤ ਆਪਣੇ ਪਤੀ ਨਾਲ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ 'ਤੇ ਰਹਿ ਰਹੀ ਸੀ। ਔਰਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਬਰਨਾਲਾ ਦੇ ਡਾਕਟਰਾਂ ਨੇ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ।
ਉਸ ਦੀ ਲਾਸ਼ ਦਾ ਸਵੇਰ ਵੇਲੇ ਪੂਰੀ ਸਾਵਧਾਨੀ ਵਰਤਦਿਆਂ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਔਰਤ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਆਪਣੀ ਨਿਗਰਾਨੀ ਵਿੱਚ ਰੱਖਿਆ ਹੈ। ਇਸ ਬਾਰੇ ਸਿਵਲ ਸਰਜਨ ਬਰਨਾਲਾ ਗੁਰਵਿੰਦਰਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਨਮੂਨੇ ਜਾਂਚ ਲਈ ਪਟਿਆਲਾ ਭੇਜ ਦਿੱਤੇ ਗਏ ਸਨ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਰਾਤ ਸਮੇਂ ਇਹ ਔਰਤ ਆਪਣੇ ਪਤੀ ਨਾਲ ਦਵਾਈ ਲੈਣ ਸਾਡੇ ਕੋਲ ਆਈ ਤੇ ਇਹ ਪਤੀ-ਪਤਨੀ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਪਲੇਟਫਾਰਮ 'ਤੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਹੈ।