ਬਰਨਾਲਾ: ਕੋਰੋਨਾ ਵਾਇਰਸ ਨਾਲ ਫ਼ਰੰਟ ਲਾਈਨ 'ਤੇ ਲੜ ਰਹੇ ਯੋਧੇ ਖ਼ੁਦ ਪ੍ਰੇਸ਼ਾਨ ਹੋ ਰਹੇ ਹਨ ਜਿਸ ਕਾਰਨ ਪਹਿਲੀ ਵਾਰ ਹੋਮਗਾਰਡ ਦੇ ਜਵਾਨਾਂ ਨੂੰ ਮੀਡੀਆ ਦੀ ਸਹਾਇਤਾ ਲੈਣੀ ਪਈ ਹੈ।
ਕੋਰੋਨਾ ਵਾਇਰਸ ਦੇ ਫਰੰਟ ਲਾਈਨ ਯੋਧਿਆਂ ਨੇ ਰੋਇਆ ਆਪਣਾ ਦੁੱਖੜਾ ਬਰਨਾਲਾ ਜ਼ਿਲ੍ਹੇ ਵਿੱਚ ਸੰਗਰੂਰ ਜ਼ਿਲ੍ਹੇ ਤੋਂ ਡੈਪੂਟੇਸ਼ਨ 'ਤੇ ਆਏ ਹੋਮਗਾਰਡ ਦੇ 129 ਜਵਾਨ ਬਰਨਾਲਾ ਵਿੱਚ ਰਿਹਾਇਸ਼, ਖਾਣ ਪੀਣ ਦੇ ਇੰਤਜ਼ਾਮ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ।
ਇਸ ਮੌਕੇ ਆਪਣਾ ਦੁੱਖੜਾ ਰੋਂਦਿਆਂ ਹੋਮਗਾਰਡਾਂ ਨੇ ਦੱਸਿਆ ਕਿ ਲੋਕਡਾਊਨ ਹੋਣ ਕਾਰਨ ਰੇਲਵੇ ਸਟੇਸ਼ਨ ਬੰਦ ਹੋਣ ਕਾਰਨ ਹੋਮਗਾਰਡ ਦੇ 135 ਜਵਾਨਾਂ ਵਿੱਚੋਂ 129 ਜਵਾਨਾਂ ਦੀ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਡਿਊਟੀ ਲਗਾਈ ਗਈ ਹੈ। 43 ਜਵਾਨ ਬਰਨਾਲਾ, 43 ਜਵਾਨ ਮਾਨਸਾ ਜ਼ਿਲ੍ਹੇ ਅਤੇ 43 ਜਵਾਨ ਸੰਗਰੂਰ ਜ਼ਿਲ੍ਹੇ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਲੱਗ ਅਲੱਗ ਥਾਣਿਆਂ ਵਿੱਚ ਡਿਊਟੀ 'ਤੇ ਭੇਜਿਆ ਗਿਆ।
ਬਰਨਾਲਾ ਵਿੱਚ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਹ ਲਗਾਤਾਰ ਹਰ ਰੋਜ਼ 12-12 ਘੰਟੇ ਡਿਊਟੀ ਕਰਨ ਤੋਂ ਬਾਅਦ 60 ਤੋਂ 100 ਕਿਲੋਮੀਟਰ ਮੋਟਰ ਸਾਈਕਲ ਚਲਾ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਹਨ। ਜਿਸ ਕਾਰਨ ਹਰ ਮਹੀਨੇ ਉਨ੍ਹਾਂ ਦਾ ਪੰਜ ਤੋਂ ਛੇ ਹਜ਼ਾਰ ਰੁਪਏ ਪੈਟਰੋਲ ਖ਼ਰਚ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਰਮਚਾਰੀਆਂ ਦਾ 50 ਲੱਖ ਦਾ ਬੀਮਾ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਕੋਈ ਬੀਮਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਤੋਂ ਉਨ੍ਹਾਂ ਦੀ ਡਿਊਟੀ ਬਰਨਾਲਾ ਜ਼ਿਲ੍ਹੇ ਵਿੱਚ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੈਟਰੋਲ, ਖਾਣ-ਪੀਣ ਦਾ ਖ਼ਰਚ ਵੀ ਉਨ੍ਹਾਂ ਨੂੰ ਆਪਣੀਆਂ ਜੇਬਾਂ ਵਿੱਚੋਂ ਕਰਨਾ ਪੈ ਰਿਹਾ ਹੈ।
ਇਸ ਲੋਕਡਾਊਨ ਦੌਰਾਨ ਉਨ੍ਹਾਂ ਦੇ ਦੋ ਸਾਥੀਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਟਰੇਨਾਂ ਨਹੀਂ ਚਲਦੀਆਂ, ਉਦੋਂ ਤੱਕ ਉਨ੍ਹਾਂ ਦੀ ਡਿਊਟੀ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਥਾਣਿਆਂ ਵਿੱਚ ਲਗਾਈ ਜਾਵੇ।