ਬਰਨਾਲਾ:ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬੁੱਧਵਾਰ ਨੂੰ ਇੱਕ ਧਾਰਮਿਕ ਸਮਾਗਮ ਦੌਰਾਨ ਤਪਾ ਪੁੱਜੇ ਹੋਏ ਸਨ, ਜਿਥੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾ ਵੈਕਸੀਨ ਸਬੰਧੀ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਅੰਦਰ ਵੈਕਸੀਨ ਸਟੋਰ ਲਈ ਕੋਲਡ ਚੈਨ ਬਣਾਈ ਗਈ ਹੈ, ਜਿਸ ਵਿੱਚ ਸੂਬਾ ਪੱਧਰ 'ਤੇ ਇੱਕ ਬੈਕਿੰਗ ਸਟੋਰ ਬਣਾਇਆ ਗਿਆ ਹੈ। ਇਸਤੋਂ ਇਲਾਵਾ ਪੰਜਾਬ ਵਿੱਚ ਕੁੱਲ 3 ਵੈਕਸੀਨ ਸਟੋਰ ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਬਣਾਏ ਗਏ ਹਨ। ਪੰਜਾਬ ਦੇ 22 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ, 127 ਐੱਸ.ਟੀ.ਐੱਸ ਅਤੇ ਸੀ.ਐਸ.ਸੀ ਸੈਂਟਰਾਂ ਵਿੱਚ ਕੋਰੋਨਾ ਵੈਕਸੀਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਕੋਰੋਨਾ ਵੈਕਸੀਨ ਕੈਟਾਗਿਰੀ ਮੁਤਾਬਕ ਲਗਾਈ ਜਾਵੇਗੀ, ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ: ਸਿੱਧੂ ਸਭ ਤੋਂ ਪਹਿਲਾਂ ਮੈਡੀਕਲ ਸਟਾਫ਼ ਦੇ ਮੁਲਾਜ਼ਮਾਂ ਨੂੰ ਲਾਈ ਜਾਵੇਗੀ ਵੈਕਸੀਨ
ਕੋਰੋਨਾ ਵੈਕਸੀਨ ਲਾਉਣ 'ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਕੈਟਾਗਰੀਆਂ ਰਾਹੀਂ ਕੋਰੋਨਾ ਵੈਕਸੀਨ ਲਾਈ ਜਾਵੇਗੀ। ਸਭ ਤੋਂ ਪਹਿਲਾਂ ਇਹ ਵੈਕਸੀਨ ਮੈਡੀਕਲ ਸਟਾਫ਼ ਦੇ ਮੁਲਾਜ਼ਮਾਂ ਨੂੰ ਲਾਈ ਜਾਵੇਗੀ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਮੁਲਾਜ਼ਮਾਂ ਨੂੰ ਇਹ ਵੈਕਸੀਨ ਲਾਈ ਜਾਵੇਗੀ। ਉਸ ਤੋਂ ਬਾਅਦ 50 ਤੋਂ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਵੈਕਸੀਨ ਲਾਈ ਜਾਵੇਗੀ, ਚੌਥੀ ਕੈਟਾਗਰੀ ’ਚ ਨਿਰੋਗ ਵਿਅਕਤੀਆਂ ਨੂੰ ਲਿਆਂਦਾ ਜਾਵੇਗਾ।
ਪੰਜਾਬ ਸਿਹਤ ਵਿਭਾਗ ਵੱਲੋਂ ਇੱਕ ਐਕਸਪਰਟ ਕਮੇਟੀ ਦਾ ਕੀਤਾ ਗਿਆ ਗਠਨ
ਕੋਰੋਨਾ ਵੈਕਸੀਨ ਅਫਵਾਹਾਂ 'ਤੇ ਉਨ੍ਹਾਂ ਬੋਲਦੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਇਕ ਸਾਲ ਦੀ ਸਖ਼ਤ ਮਿਹਨਤ ਨਾਲ ਵਿਗਿਆਨੀਆਂ ਅਤੇ ਡਾਕਟਰਾਂ ਨੇ ਕੋਰੋਨਾ ਵੈਕਸੀਨ ਤਿਆਰ ਕੀਤੀ ਹੈ। ਉਸ 'ਤੇ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਕੋਰੋਨਾ ਵੈਕਸੀਨ ਲਈ ਪੰਜਾਬ ਸਿਹਤ ਵਿਭਾਗ ਵੱਲੋਂ ਇੱਕ ਐਕਸਪਰਟ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।
ਖੇਤੀ ਕਾਨੂੰਨਾਂ 'ਤੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕਿਸਾਨੀ ਕਾਨੂੰਨਾਂ 'ਤੇ ਮੋਦੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ, "ਮੋਦੀ ਕਿਸਾਨ ਵਿਰੋਧੀ" ਹੈ। ਮੋਦੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਛੋਟੇ ਦੁਕਾਨਦਾਰਾਂ ਦਾ ਵਿਰੋਧੀ ਹੈ। ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹਿੰਦੁਸਤਾਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਸਰਕਾਰ ਕਿਸਾਨਾਂ ਦੇ ਅੰਦੋਲਨ ਦੀ ਪੂਰੀ ਹਮਾਇਤ ਕਰਦੀ ਹੈ
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ, ਜੀ.ਐੱਸ.ਟੀ ਅਤੇ ਧਾਰਾ 370 ਨੂੰ ਖ਼ਤਮ ਕਰਕੇ ਡਰਾਮਾ ਕੀਤਾ ਸੀ। ਹੁਣ ਇਨ੍ਹਾਂ ਬਿੱਲਾਂ ਖ਼ਿਲਾਫ਼ ਉਨ੍ਹਾਂ ਨੂੰ ਭੁਲੇਖਾ ਸੀ ਕਿ ਕਿਸਾਨ ਨਹੀਂ ਬੋਲਣਗੇ। ਪਰ ਪੰਜਾਬ ਦੇ ਲੋਕ ਅਣਖ ਵਾਲੇ ਹਨ ਅਤੇ ਇਸ ਕਿਸਾਨੀ ਅੰਦੋਲਨ ਨੂੰ ਹਿੰਦੋਸਤਾਨ ਦੇ ਕਿਸਾਨ ਖੇਤੀ ਬਿੱਲਾਂ ਖ਼ਿਲਾਫ਼ ਬੜੇ ਹੀ ਸ਼ਾਂਤਮਈ ਤਰੀਕੇ ਅਤੇ ਜੋਸ਼ ਨਾਲ ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰ ਰਹੇ ਹਨ। ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਅੰਦੋਲਨ ਦੀ ਪੂਰੀ ਹਮਾਇਤ ਕਰਦੀ ਹੈ।