ਬਰਨਾਲਾ: ਖੇਤੀ ਆਰਡੀਨੈਂਸ ਜੋ ਕਿ ਬਿੱਲਾਂ ਦੀ ਸ਼ਕਲ ਵਿੱਚ ਸੰਸਦ ਦੇ ਦੋਵੇਂ ਸੰਸਦਾਂ ਵਿੱਚ ਪਾਸ ਹੋ ਗਏ ਹਨ। ਇਨ੍ਹਾਂ ਬਿੱਲਾਂ ਦਾ ਵਿਰੋਧ ਪੰਜਾਬ ਭਰ 'ਚ ਲਗਾਤਾਰ ਜਾਰੀ ਹੈ। 21 ਸਤੰਬਰ ਨੂੰ ਸੂਬੇ ਭਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕੀਤੇ। ਬਰਨਾਲਾ ਵਿੱਚ ਵੀ ਇਨ੍ਹਾਂ ਬਿੱਲਾਂ ਦੇ ਵਿਰੁੱਧ ਕਾਂਗਰਸ ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਬਰਨਾਲਾ: ਕਾਂਗਰਸੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁੱਧ ਕੀਤਾ ਜ਼ੋਰਦਾਰ ਪ੍ਰਦਰਸ਼ਨ - ਖੇਤੀ ਆਰਡੀਨੈਂਸ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਾਂਗਰਸ ਨੇ ਬਰਨਾਲਾ ਵਿੱਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਕਾਂਗਰਸੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਸ ਵਿਰੋਧ ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਮੱਖਣ ਸ਼ਰਮਾ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਨੇ ਜੋ ਖੇਤੀ ਬਿੱਲ ਲਿਆਂਦੇ ਹਨ, ਉਸ ਦਾ ਕਾਂਗਰਸ ਪਾਰਟੀ ਵਲੋਂ ਪਹਿਲੇ ਹੀ ਦਿਨ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਇਹ ਖੇਤੀ ਬਿੱਲ ਕਿਸਾਨ ਵਿਰੋਧੀ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੀ ਖੇਤੀ ਅਤੇ ਕਿਸਾਨੀ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਤਾਂ ਖੜਾ ਹੀ ਕਿਸਾਨੀ ਦੇ ਸਿਰ ’ਤੇ ਹੈ। ਜੇਕਰ ਇਹ ਬਿੱਲ ਨਾ ਰੱਦ ਕੀਤੇ ਗਏ ਤਾਂ ਕਿਸਾਨ ਹੋਰ ਮੰਦੀ ਦੀ ਮਾਰ ਝੱਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਵਿਰੋਧ ਜਾਰੀ ਹੈ। ਜਿਨ੍ਹਾਂ ਸਮਾਂ ਇਹ ਖੇਤੀ ਬਿੱਲ ਰੱਦ ਨਹੀਂ ਹੋ ਜਾਂਦੇ, ਕਾਂਗਰਸ ਪਾਰਟੀ ਇਸ ਦਾ ਵਿਰੋਧ ਜਾਰੀ ਰੱਖੇਗੀ। ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੇਗੀ।