ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਵੀ ਲਗਾ ਦਿੱਤਾ ਗਿਆ ਹੈ। ਇਸੇ ਦੇ ਚੱਲਦੇ ਪੰਜਾਬ ਚ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਾਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਦੱਸ ਦਈਏ ਕਿ ਪਹਿਲੀ ਸੂਚੀ ਦੇ 86 ਨਾਵਾਂ ਵਿੱਚ ਬਰਨਾਲਾ ਜਿਲ੍ਹਾ ਪੂਰੀ ਤਰ੍ਹਾਂ ਗਾਇਬ ਹੈ।
ਬਰਨਾਲਾ ਜਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿੱਚੋਂ ਕਿਸੇ ਇੱਕ ਵੀ ਸੀਟ ਤੇ ਉਮੀਦਵਾਰ ਦਾ ਪਹਿਲੀ ਸੂਚੀ ਵਿੱਚ ਐਲਾਨ ਨਹੀਂ ਕੀਤਾ ਗਿਆ। ਜਿਸਦਾ ਮੁੱਖ ਕਾਰਨ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੀ ਆਪਸੀ ਪਾਟੋਧਾੜ ਹੈ। ਪਿਛਲੇ ਲੰਬੇ ਸਮੇ ਤੋਂ ਤਿੰਨੇ ਹਲਕਿਆਂ ਵਿੱਚ ਕਾਂਗਰਸ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੈ। ਜਿਸ ਕਰਕੇ ਪਾਰਟੀ ਲਈ ਇਹਨਾਂ ਤਿੰਨੇ ਹਲਕਿਆਂ ਵਿੱਚ ਉਮੀਦਵਾਰ ਐਲਾਨਣ ਵਿੱਚ ਦੇਰੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਬਰਨਾਲਾ ਜਨਰਲ ਸੀਟ ’ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਉਮੀਦਵਾਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ’ਤੇ ਹਨ। ਜਦਕਿ ਪਾਰਟੀ ਦੇ ਹੀ ਕਈ ਆਗੂ ਅਤੇ ਵਰਕਰ ਉਹਨਾਂ ਦਾ ਵਿਰੋਧ ਕਰ ਰਹੇ ਹਨ। ਜਦਕਿ ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ ਦੇ ਬੇਟੇ ਮੁਨੀਸ਼ ਬਾਂਸਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਏ ਜਾਣ ਦੇ ਚਰਚੇ ਵੀ ਚੱਲ ਰਹੇ ਹਨ। ਮਹਿਲ ਕਲਾਂ ਹਲਕੇ ਵਿੱਚ ਵੀ ਬਰਨਾਲਾ ਵਾਲੇ ਹਾਲਾਤ ਹਨ। ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਦਾ ਹਲਕੇ ਦੇ ਕਈ ਕਾਂਗਰਸੀ ਸਰਪੰਚ ਅਤੇ ਆਗੂ, ਵਰਕਰ ਵਿਰੋਧ ਕਰ ਰਹੇ ਹਨ। ਇਸ ਸੀਟ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਲੜਨ ਦੀ ਚਰਚਾ ਵੀ ਚੱਲਦੀ ਆ ਰਹੀ ਹੈ।
ਉੱਥੇ ਭਦੌੜ ਹਲਕੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਪਿਰਮਲ ਸਿੰਘ ਅਤੇ ਹਲਕਾ ਇੰਚਾਰਜ਼ ਬੀਬੀ ਸੁਰਿੰਦਰ ਕੌਰ ਬਾਲੀਆ ਵਿੱਚ ਖਿੱਚੋਤਾਣ ਚੱਲਦੀ ਆ ਰਹੀ ਹੈ। ਜਿਸ ਕਰਕੇ ਕਿਸੇ ਨਵੇਂ ਨੇਤਾਂ ਨੂੰ ਟਿਕਟ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਤਿੰਨੇ ਹਲਕਿਆਂ ਵਿੱਚ ਧੜੇਬੰਦੀ ਅਤੇ ਉਮੀਦਵਾਰਾਂ ਦੇ ਐਲਾਨ ਵਿੱਚ ਦੇਰੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ 2017 ਵਾਂਗ ਆਪ ਦੇ ਹੱਥ ਮਜਬੂਤ ਹੋ ਸਕਦੇ ਹਨ।
ਇਹ ਵੀ ਪੜੋ:ਵਿਧਾਨ ਸਭਾ ਚੋਣਾਂ 2022: ਪਾਣੀ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਕਿਸਾਨਾਂ ਨਾਲ ਚਰਚਾ...