ਬਰਨਾਲਾ: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਹਰ ਇਕ ਪਾਰਟੀ ਵਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਦਿੱਗਜ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਵੀ ਆਏ ਹਨ। ਉਥੇ ਹੀ ਚੋਣਾਂ ਦੌਰਾਨ ਹੀ ਕਈ ਆਗੂਆਂ ਵਲੋਂ ਦਲ ਬਦਲੀ ਵੀ ਕੀਤੀ ਗਈ। ਇਸ ਦੇ ਨਾਲ ਹੀ ਕਈ ਜਗ੍ਹਾਂ ਪਾਰਟੀਆਂ ਵਲੋਂ ਆਗੂਆਂ ਨੂੰ ਪਾਰਟੀ ਤੋਂ ਬਾਹਰ ਵੀ ਕੀਤਾ ਗਿਆ।
ਇਸ ਦੇ ਚੱਲਦਿਆਂ ਕਾਂਗਰਸ ਵਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਕਾਂਗਰਸ ਵਲੋਂ ਕੇਵਲ ਸਿੰਘ ਢਿੱਲੋਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਉਂਦਿਆਂ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ। ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ, ਜਿਸ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੇ ਦਸਤਖ਼ਤ ਹਨ।
'ਅਧਿਕਾਰਤ ਤੌਰ 'ਤੇ ਪੱਤਰ ਮਿਲਣ ਤੋਂ ਬਾਅਦ ਠੋਕਵਾਂ ਜਵਾਬ ਦੇਵਾਂਗਾ'
ਕਾਂਗਰਸ ਪਾਰਟੀ ਵਲੋਂ ਕੱਢੇ ਜਾਣ ਦੇ ਮਾਮਲੇ 'ਤੇ ਬਰਨਾਲਾ ਦੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਜੋ ਵੀ ਮੀਡੀਆ ਅਤੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਪਾਰਟੀ ਲੈਟਰਹੈਡ 'ਤੇ ਮੇਰੇ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੋਈ ਵੀ ਪੱਤਰ ਜਾਂ ਚਿੱਠੀ ਅਧਿਕਾਰਤ ਤੌਰ ਤੇ ਮੈਨੂੰ ਨਹੀਂ ਮਿਲੀ। ਜੇਕਰ ਅਸਲੀਅਤ ਵਿੱਚ ਪਾਰਟੀ ਨੇ ਕੋਈ ਅਜਿਹਾ ਫ਼ੈਸਲਾ ਲਿਆ ਹੈ ਤਾਂ ਮੈਂ ਆਪਣੇ ਵਲੋਂ ਇਸਦਾ ਢੁੱਕਵਾਂ ਤੇ ਠੋਕਵਾਂ ਜਵਾਬ ਪਾਰਟੀ ਹਾਈਕਮਾਂਡ ਨੂੰ ਦੇਵਾਂਗਾ।
ਦੱਸ ਦਈਏ ਕਿ ਬਰਨਾਲਾ ਤੋਂ ਸਾਲ 2017 ਵਿਧਾਨ ਸਭਾ ਚੋਣਾਂ 'ਚ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜਿਥੇ ਮੀਤ ਹੇਅਰ ਪਾਸੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਕਾਂਗਰਸ ਵਲੋਂ 2022 ਦੀਆਂ ਵਿਧਾਨਸਭਾ ਚੋਣਾਂ 'ਚ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੂੰ ਟਿਕਟ ਦਿੱਤੀ ਹੈ।