ਬਰਨਾਲਾ: ਕੱਚੇ ਤੇ ਪੱਕੇ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਪੰਜਾਬ ਤੇ ਯੂ.ਟੀ.ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਪਟਿਆਲਾ ਵੱਲ ਸ਼ਾਂਤਮਈ ਮਾਰਚ ਕਰਦਿਆਂ ਤੇ ਸਰਕਾਰ ਦੀ ਸ਼ਹਿ 'ਤੇ ਅੰਨੇਵਾਹ ਡਾਂਗਾਂ ਵਰਾਈਆਂ ਗਈਆਂ ਤੇ ਮਹਿਲਾ ਮੁਲਾਜ਼ਮਾਂ ਉੱਤੇ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਤਸੱਦਦ ਕੀਤਾ ਗਿਆ, ਜਿਸ ਦੇ ਖਿਲਾਫ਼ ਅੱਜ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਤੇ ਅਧਿਆਪਕਾਂ ਵੱਲੋਂ ਰੇਲਵੇ ਸ਼ਟੇਸ਼ਨ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਬਰਨਾਲਾ ਵੱਲੋਂ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਕੌਮਾਂਤਰੀ ਔਰਤ ਦਿਵਸ ਮਨਾਉਣ ਸਬੰਧੀ ਢੌਂਗ ਰਚ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੀਆਂ ਮਹਿਲਾ ਮੁਲਾਜ਼ਮ ਜੇ ਸਰਕਾਰ ਤੋਂ ਆਪਣੇ ਹੱਕ ਮੰਗਦੀਆਂ ਹਨ ਤਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਘੱਟੋ-ਘੱਟ ਉਜਰਤ ਦੇਣ, ਨੌਕਰੀਆਂ ਪੱਕੀਆਂ ਕਰਨ ਦੀ ਬਜਾਇ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਡਾਂਗਾਂ ਵਰ੍ਹਾ ਕੇ ਤਸੱਦਦ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਅੱਜ ਦੀ ਔਰਤ ਜਾਗ ਚੁੱਕੀ ਹੈ ਤੇ ਉਹ ਆਪਣੇ ਹੱਕਾਂ ਖਾਤਰ ਸੰਘਰਸ਼ ਕਰਨ ਲਈ ਕਿਸੇ ਵੀ ਤਰ੍ਹਾਂ ਘੱਟ ਨਹੀਂ।