ਬਰਨਾਲਾ:ਇੱਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਵੱਲੋਂ ਜੂਝ ਰਹੇ ਹਨ। ਦੂਜੇ ਪਾਸੇ ਇਸ ਮਹਾਂਮਾਰੀ ਦੇ ਦੌਰ ਦਾ ਨਜਾਇਜ਼ ਫ਼ਾਇਦਾ ਭੂ ਮਾਫ਼ੀਆ ਉਠਾਉਣ ਲੱਗਿਆ ਹੈ। ਜਿਸ ਦੀਆਂ ਉਦਾਹਰਨਾਂ ਬਰਨਾਲਾ ਸ਼ਹਿਰ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਵੱਖ ਵੱਖ ਕਾਲੋਨਾਈਜ਼ਰਾਂ ਵਲੋਂ ਪ੍ਰਾਪਰਟੀ ਦੇ ਰੇਟ ਵਧਣ ਦੇ ਚੱਲਦੇ ਆਪਣੀਆਂ ਕਲੋਨੀਆਂ ਵਿੱਚ ਗੈਰ ਕਾਨੂੰਨੀ ਤਰੀਕੇ ਹੋਰ ਜਗਾ ਸ਼ਾਮਲ ਕਰਕੇ ਸਰਕਾਰ ਅਤੇ ਪ੍ਰਸਾਸ਼ਨ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਸ਼ਹਿਰ ਦੀ ਹਾਰਮੋਨੀ ਹੋਮਸ ਕਲੋਨੀ ਦਾ ਹੈ। ਜਿੱਥੇ ਕਾਲੋਨਾਈਜ਼ਰ ’ਤੇ ਕਲੋਨੀ ਨਿਵਾਸੀਆਂ ਵਲੋਂ ਗੈਰ ਕਾਨੂੰਨੀ ਤਰੀਕੇ ਘੇਰਾ ਵਧਾਉਣ ਦਾ ਦੋਸ਼ ਲਗਾਇਆ ਹੈ। ਇਸਦੇ ਰੋਸ ਵਜੋਂ ਕਲੋਨੀ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਕਲੋਨੀ ਦੇ ਮੁੱਖ ਗੇਟ ’ਤੇ ਪ੍ਰਸ਼ਾਸ਼ਨ ਅਤੇ ਕਾਲੋਨਾਈਜ਼ਰ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਇਸ ਗੈਰ ਕਾਨੂੰਨੀ ਕੰਮ ਨੂੰ ਸਿਰੇ ਨਾ ਚੜਨ ਦੇਣ ਦਾ ਐਲਾਨ ਕੀਤਾ। ਕਾਲੋਨੀ ਦੇ ਵਸਨੀਕ ਲੋਕਾਂ ਵਲੋਂ ਗੈਰ ਕਾਨੂੰਨੀ ਤਰੀਕੇ ਕਾਲੋਨੀ ਵਿੱਚ ਹੋਰ ਜਗਾ ਸ਼ਾਮਲ ਕਰਨ ਸਬੰਧੀ ਜ਼ਿਲਾ ਬਰਨਾਲਾ ਦੇ ਪ੍ਰਸਾਸ਼ਨ ਨੂੰ ਇੱਕ ਮੰਗ ਪੱਤਰ ਦੇ ਇਸਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਇਸ ਸਬੰਧੀ ਕਾਲੋਨੀ ਦੇ ਲੋਕਾਂ ਨੇ ਦੱਸਿਆ ਕਿ ਉਹ ਕਾਲੋਨੀ ਦੇ ਗ਼ੈਰਕਾਨੂੰਨੀ ਵਧਾਏ ਜਾ ਰਹੇ ਘੇਰੇ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਾਲ 2011 ਵਿੱਚ ਲਗਭਗ 7.5 ਏਕੜ ਜ਼ਮੀਨ ਵਿੱਚ 104 ਪਲਾਟਾਂ ਦੀ ਇੱਕ ਕਲੋਨੀ ਕੱਟੀ ਗਈ ਸੀ। ਕਲੋਨੀ ਮਾਲਿਕਾਂ ਨੇ ਉਸ ਸਮੇਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਾਲੋਨੀ ਇੱਕ ਚਾਰਦੀਵਾਰੀ ਦੇ ਅੰਦਰ ਹੈ। ਜਿਸਦਾ ਸਿਰਫ਼ ਇੱਕ ਹੀ ਮੁੱਖ ਗੇਟ ਹੈ। ਕਾਲੋਨੀ ਵਿੱਚ ਪਲਾਟ ਖ਼ਰੀਦਣ ਸਮੇਂ ਉਹਨਾਂ ਨੂੰ ਹਰ ਸੁਵਿਧਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਕਾਲੋਨਾਈਜ਼ਰ ਵੱਡਾ ਮੁਨਾਫ਼ਾ ਕਮਾ ਕੇ ਖਿਸਕ ਗਿਆ।