ਬਰਨਾਲਾ: ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਪਈਆਂ ਹਨ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਦੇ ਹਲਕਾ ਭਦੌੜ ’ਚ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਭਦੌੜ ਦੀ ਦਾਣਾ ਮੰਡੀ ਤੋਂ ਸ਼ੁਰੂ ਕੀਤਾ ਗਿਆ ਹੈ। ਜੋ ਹਲਕਾ ਭਦੌੜ ਦੇ ਪਿੰਡਾਂ ਤੋਂ ਬਾਅਦ ਬਰਨਾਲਾ ਹਲਕੇ ਦੇ ਪਿੰਡਾਂ ਚ ਕੀਤਾ ਗਿਆ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਬਨਣ ਕਰਕੇ ਉਹਨਾਂ ਕੋਲ ਪੂਰੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ। ਜਿਸ ਕਰਕੇ ਹੁਣ ਹਲਕਾ ਸੰਗਰੂਰ ਦੇ ਲੋਕਾਂ ਦੀ ਸੰਸਦ ਵਿੱਚ ਆਵਾਜ਼ ਗੁਰਮੇਲ ਸਿੰਘ ਉਠਾਉਣਗੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਵੀ ਨਿਸ਼ਾਨਾ ਸਾਧੇ। ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।
ਸੀਐੱਮ ਮਾਨ ਨੇ ਵਿਰੋਧੀਆਂ ਨੂੰ ਘੇਰਿਆ:ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੁਝ ਵਿਅਕਤੀਆਂ ਨੂੰ ਅੰਦਰ ਕੀਤਾ ਗਿਆ ਹੈ। ਕਈਆਂ ਦੀ ਤਿਆਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹੇ ਜਿਆਦਾ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਜਮਾਨਤ ਵੀ ਨਹੀਂ ਮਿਲੇਗੀ।