ਬਰਨਾਲਾ:ਬਰਨਾਲਾ ਸ਼ਹਿਰ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨਾਂ ਤਹਿਤ ਸ਼ਹਿਰ ਦੇ ਕਰੀਬ 4.5 ਕਿਲੋਮੀਟਰ ਖੇਤਰ ’ਚੋਂ ਲੰਘਦੇ ਬਰਸਾਤੀ ਨਾਲੇ ਦੀ ਵਿਆਪਕ ਸਫ਼ਾਈ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਸਥਾਨਕ ਵਿਧਾਇਕ ਅਤੇ ਵਾਤਾਵਰਣ ਤੇ ਜਲ ਸਰੋਤ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕਰੀਬ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਬਰਸਾਤੀ ਨਾਲਾ ਢੁਕਵੀਂ ਸਫ਼ਾਈ ਨੂੰ ਤਰਸ ਰਿਹਾ ਸੀ, ਜਿਸ ਕਰਕੇ ਸ਼ਹਿਰ ਵਿੱਚ ਤੇਜ਼ ਮੀਂਹ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਪੇਸ਼ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਇਹ ਬਰਸਾਤੀ ਨਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਲਸਾੜਾ ਡਰੇਨ ਵਿੱਚ ਪੈਂਦਾ ਹੈ ਤੇ ਇਸ ਦੀ ਸਫ਼ਾਈ ਮੁਕੰਮਲ ਹੋਣ ਨਾਲ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਮਸਲੇ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਕਾਰਜ ਕਰੀਬ 50 ਲੱਖ ਦੀ ਲਾਗ਼ਤ ਨਾਲ ਆਧੁਨਿਕ ਮਸ਼ੀਨਰੀ ਨਾਲ ਕਰਵਾਇਆ ਜਾ ਰਿਹਾ ਹੈ।
ਮੀਤ ਹੇਅਰ ਨੇ ਦੱਸਿਆ ਕਿ ਇਸ ਨਾਲੇ ਦੀ ਕਰੀਬ 35 ਸਾਲਾਂ ਤੋਂ ਢੁਕਵੀਂ ਸਫ਼ਾਈ ਨਹੀਂ ਹੋਈ ਸੀ। ਇਸ ਕਾਰਨ ਪਾਈਪਾਂ ਬੰਦ ਹੋਣ ਨਾਲ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਸੀ। ਉਨ੍ਹਾਂ ਦੱਸਿਆ ਕਿ 1987 ਤੋਂ ਪਹਿਲਾਂ ਦੇ ਡਰੇਨ ਉਪਰੋਂ ਖੁੱਲ੍ਹੀ ਹੁੰਦੀ ਸੀ ਤੇ ਕਰੀਬ 1988 ਵਿੱਚ ਨਗਰ ਕੌਂਸਲ ਨੇ ਇਸ ਨੂੰ ਢਕ ਦਿੱਤਾ ਤੇ ਇਸ ਰਾਹੀਂ ਸ਼ਹਿਰ ਦਾ ਮੀਂਹ ਦਾ ਪਾਣੀ ਅੱਗੇ ਲਸਾੜਾ ਡਰੇਨ ਵਿੱਚ ਪਾਇਆ ਜਾਣ ਲੱਗਾ।