ਬਰਨਾਲਾ:ਖੇਤੀ ਕਾਨੂੰਨਾਂ ਵਿਰੁੱਧ ਇਕੱਠੇ ਅੰਦੋਲਨ ਲੜਨ ਵਾਲੀਆਂ ਪੰਜਾਬ ਦੀਆਂ ਦੋ ਵੱਡੀਆਂ ਕਿਸਾਨ ਜੱਥੇਬੰਦੀਆਂ ਬਰਨਾਲਾ ਜ਼ਿਲ੍ਹੇ ਵਿੱਚ ਆਪਸ ਵਿੱਚ ਭਿੜ (Clashes between two farmer organizations) ਗਈਆਂ। ਇਹ ਮਾਮਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਦਾ ਹੈ। ਜਿੱਥੇ ਬਰਨਾਲਾ ਲੁਧਿਆਣਾ ਲੋੜ ’ਤੇ ਟੋਲ ਪਲਾਜ਼ਾ ਉੱਪਰ ਟੋਲ ਪਰਚੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਲੱਗ ਅਲੱਗ ਮੋਰਚੇ ਲੱਗੇ ਹੋਏ ਸਨ।
ਇੰਨ੍ਹਾਂ ਵਿੱਚੋਂ ਇੱਕ ਜੱਥੇਬੰਦੀ ਵੱਲੋਂ ਆਉੁਣ ਜਾਣ ਵਾਲੇ ਟਰੱਕਾਂ-ਗੱਡੀਆਂ ਵਾਲਿਆਂ ਦੀ ਪਰਚੀ ਕੱਟੀ ਜਾ ਰਹੀ ਸੀ, ਜਿਸਦਾ ਦੂਜੀ ਜੱਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਆਪਣੇ ਸਪੀਕਰ ਤੋਂ ਗੁੰਡਾ ਪਰਚੀ ਕਰਾਰ ਦਿੱਤਾ ਗਿਆ। ਜਿਸਤੋਂ ਬਾਅਦ ਦੋਵੇਂ ਧਿਰਾਂ ਵਿੱਚ ਵਿਵਾਦ ਖੜਾ ਹੋ ਗਿਆ। ਇਸ ਉਪਰੰਤ ਧਰਨੇ ਦੌਰਾਨ ਦੋਵੇਂ ਜੱਥੇਬੰਦੀਆਂ ਦੇ ਆਗੂ ਗਾਲੋਗਾਲੀ ਹੋਣ ਤੋਂ ਬਾਅਦ ਭਿੜ ਗਏ। ਇਸ ਖਿੱਚੋਤਾਣ ਵਿਚ ਇੱਕ ਕਿਸਾਨ ਦੀ ਪੱਗ ਲੱਥ ਗਈ। ਇਸ ਸਬੰਧੀ ਭਲਕੇ ਦੋਵੇਂ ਕਿਸਾਨ ਜੱਥੇਬੰਦੀਆਂ ਵਲੋਂ ਇੱਕ ਦੂਜੇ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਟੋਲ ਪਲਾਜ਼ਾ ’ਤੇ ਦੋਵੇਂ ਜੱਥੇਬੰਦੀਆਂ ਨੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।