ਬਰਨਾਲਾ:ਨਗਰ ਕੌਂਸਲ ਭਦੌੜ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ, ਇੱਥੇ ਕਦੇ ਸਫ਼ਾਈ ਸੇਵਕ ਤਨਖਾਹਾਂ ਨੂੰ ਲੈ ਕੇ ਹੜਤਾਲ (Strike) ‘ਤੇ ਰਹਿੰਦੇ ਹਨ ਅਤੇ ਕਦੇ ਇਹ ਵਿਕਾਸ ਕਾਰਜਾਂ ਸਮੇਤ ਸਫ਼ਾਈ ਦੇ ਮੁੱਦਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ, ਪਰ ਹੁਣ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼ (City Council Office Staff) ਵੀ ਪਿਛਲੇ ਤਕਰੀਬਨ 6 ਮਹੀਨਿਆਂ ਦੀ ਤਨਖਾਹ ਪੈਂਡਿੰਗ ਹੋਣ ਕਾਰਨ ਹੜਤਾਲ ‘ਤੇ ਚਲਿਆ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਮੁਲਾਜ਼ਮ ਮਨਜੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਗਰ ਕੌਂਸਲ (City Council) ਵੱਲੋਂ ਨਹੀਂ ਦਿੱਤੀਆਂ ਗਈਆਂ ਅਤੇ ਅਸੀਂ ਵਾਰ-ਵਾਰ ਨਗਰ ਕੌਂਸਲ ਤੋਂ ਤਨਖਾਹਾਂ ਲੈਣ ਦੀ ਮੰਗ ਕਰ ਰਹੇ ਹਾਂ, ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕੱਚੇ ਪੱਕੇ 14 ਅਧਿਕਾਰੀਆਂ ਦੀ ਤਕਰੀਬਨ 16 ਲੱਖ ਰੁਪਏ ਸਾਡੀਆਂ ਤਨਖਾਹਾਂ ਦੇ ਨਗਰ ਕੌਂਸਲ ਵੱਲ ਬਕਾਇਆ ਹਨ, ਪਰ ਨਗਰ ਕੌਂਸਲ ਦਾ ਕੋਈ ਵੀ ਉੱਚ ਅਧਿਕਾਰੀ ਤਨਖ਼ਾਹਾਂ ਦੇਣ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਸਗੋਂ ਸਾਨੂੰ ਪ੍ਰਾਪਰਟੀ ਟੈਕਸ ਇਕੱਠਾ ਕਰਕੇ ਤਨਖਾਹਾਂ ਲੈਣ ਦੀ ਗੱਲ ਕਹਿ ਰਹੇ ਹਨ।