ਬਰਨਾਲਾ: ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ। ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਪ੍ਰਚਾਰ ਦੌਰਾਨ ਮੁੱਖ ਮੰਤਰੀ ਚੰਨੀ ਨੂੰ ਕਈ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹਲਕੇ ਦੇ ਪਿੰਡ ਫ਼ਤਹਿਗੜ੍ਹ ਛੰਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤੇ ਜਾਣੇ ਸਨ।
ਪ੍ਰੰਤੂ ਮੁੱਖ ਮੰਤਰੀ ਚੰਨੀ ਸ਼ਾਂਤਮਈ ਸਵਾਲ ਕਰਨ ਲਈ ਖੜ੍ਹੇ ਕਿਸਾਨਾਂ ਨੂੰ ਮਿਲੇ ਬਣਾ ਹੀ ਗੱਡੀ ਤੋਂ ਬਿਨਾਂ ਉੱਤਰੇ ਅੱਗੇ ਲੰਘ ਗਏ। ਜਿਸ ਤੋਂ ਬਾਅਦ ਕਿਸਾਨਾਂ ਦਾ ਪਾਰਾ ਚੜ੍ਹ ਗਿਆ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਹੋ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਉਨ੍ਹਾਂ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਵਾਲ ਕਰਨੇ ਸਨ, ਪਰੰਤੂ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਸੰਬੰਧੀ ਸਵਾਲ ਕੀਤੇ ਜਾਣੇ ਸਨ, ਕਿਉਂਕਿ ਅਜੇ ਤੱਕ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ।