ਬਰਨਾਲਾ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਬਰਨਾਲਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਐਮਪੀ ਫੰਡ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਨਾਲ ਮੀਟਿੰਗ ਕੀਤੀ। ਆਪ ਪ੍ਰਧਾਨ ਨੇ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਲਈ ਕੇਂਦਰ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਕਾਸ ਫ਼ੰਡਾਂ ਲਈ ਉਹ ਲਗਾਤਾਰ ਐਮਪੀ ਫ਼ੰਡ ਦੇ ਰਹੇ ਹਨ। ਸੰਸਦ ਵਿੱਚ ਮੇਰੇ ਵਲੋਂ ਸੰਸਦ ਮੈਂਬਰਾਂ ਦੀ 100 ਫ਼ੀਸਦੀ ਤਨਖ਼ਾਹ ਕੱਟ ਕੇ ਵਿਕਾਸ ਕਾਰਜ ਲਈ ਫ਼ੰਡ ਵਧਾਉਣ ਲਈ ਕਿਹਾ ਜਾ ਚੁੱਕਿਆ ਹੈ। ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਸਾਰੀਆਂ ਸੀਟਾਂ ’ਤੇ ਚੋਣ ਲੜੀ ਜਾਵੇਗੀ।
ਕਿਸਾਨਾਂ ਪ੍ਰਤੀ ਕੇਂਦਰ ਦਾ ਰਵੱਈਆ ਬੇਹੱਦ ਨਿੰਦਣਯੋਗ: ਭਗਵੰਤ ਮਾਨ ਖੇਤੀ ਕਾਨੂੰਨਾਂ ਸਬੰਧੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਰਵੱਈਆ ਬੇਹੱਦ ਨਿੰਦਣਯੋਗ ਹੈ, ਕਿਉਂਕਿ ਜਿੰਨਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ, ਉਹੀ ਨਹੀਂ ਚਾਹੁੰਦੇ ਕਿ ਇਹ ਕਾਨੂੰਨ ਬਣਾਇਆ ਤਾਂ ਕੇਂਦਰ ਸਰਕਾਰ ਨੂੰ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਦੇਸ਼ ਦੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਹਨ। ਪਰ ਪ੍ਰਧਾਨ ਮੰਤਰੀ ਗੁਜਰਾਤ ਅਤੇ ਮੱਧ ਪ੍ਰਦੇਸ਼ ’ਚ ਪਤਾ ਨਹੀਂ ਹੈ ਕਿ ਕਿਹੜੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਨ? ਸਰਕਾਰ ਨੂੰ ਚਾਹੀਦਾ ਹੈ ਕਿ ਕਡਕਦੀ ਠੰਢ ’ਚ ਸੰਘਰਸ਼ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਕਿ ਟਰੈਕਟਰਾਂ ਦੇ ਮੂੰਹ ਦਿੱਲੀ ਤੋਂ ਮੋੜ ਕੇ ਕਿਸਾਨਾਂ ਵੱਲ ਕੀਤੇ ਜਾਣ ਅਤੇ ਕਿਸਾਨ ਖੁਸ਼ੀ ਖੁਸ਼ੀ ਘਰ ਆ ਸਕਣ।