ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਉਸ ਦੇ ਜੱਦੀ ਪਿੰਡ ਧਨੌਲਾ ਵਾਸੀਆਂ ਵੱਲੋਂ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਪਿੰਡ ਦੇ ਕੁੱਝ ਲੋਕਾਂ ਵੱਲੋਂ ਧਨੌਲਾ ਵਿਖੇ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਸਨ, ਜਿਸ ਨੂੰ ਲੈ ਕੇ ਧਨੌਲਾ ਥਾਣੇ ਦੀ ਪੁਲਿਸ ਨੇ ਹੁਣ ਭਾਜਪਾ ਆਗੂ ਦਾ ਬਾਈਕਾਟ ਕਰਨ ਵਾਲੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ।
'ਕਿਸਾਨੀ ਸੰਘਰਸ਼ ਦੀ ਆੜ ਵਿੱਚ ਕੀਤੀ ਗਈ ਗਰੇਵਾਲ ਵਿਰੁੱਧ ਇਸ਼ਤਿਹਾਰਬਾਜ਼ੀ'
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿਘ ਜੱਸੀ ਵਾਸੀ ਧਨੌਲਾ, ਛੋਟਾ ਸਿੰਘ ਅਤੇ ਸੁਰਜੀਤ ਸਿੰਘ ਨੇ ਇੱਕ ਗੈਂਗ ਬਣਾਇਆ ਹੋਇਆ ਹੈ, ਜਿਨ੍ਹਾਂ ਵਲੋਂ ਅਕਸਰ ਹੀ ਗਲਤ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਵਿੱਚ ਭੜਕਾਇਆ ਜਾ ਰਿਹਾ ਹੈ।
ਗਰੇਵਾਲ ਦੇ ਬਾਈਕਾਟ ਵਾਲੇ ਪੋਸਟਰ ਲਾਉਣ ਵਾਲਿਆਂ ਵਿਰੁੱਧ ਕੇਸ, ਇੱਕ ਗ੍ਰਿਫ਼ਤਾਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਆੜ ਵਿੱਚ ਇਨ੍ਹਾਂ ਲੋਕਾਂ ਨੇ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਵਿਰੁੱਧ ਧਨੌਲਾ ਕਸਬੇ ਵਿੱਚ ਇਸ਼ਤਿਹਾਰਬਾਜ਼ੀ ਕੀਤੀ, ਉਸ ਦੀ ਰਿਹਾਇਸ਼ ਅਤੇ ਹੋਰ ਜਾਇਦਾਦ ’ਤੇ ਗਲਤ ਸ਼ਬਦਾਵਲੀ ਵਰਤ ਦੇ ਹੋਏ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਗਿਆ ਹੈ।
ਇੱਕ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਅਜਿਹੀ ਹਰਕਤ ਕਰਕੇ ਤਿੰਨੇ ਮੁਲਜ਼ਮਾਂ ਵਿਰੁੱਧ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ਼ ਕਰਕੇ ਧਾਰਾ 153ਏ, 153, 149 ਆਈਪੀਸੀ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਗਿਆ ਹੈ।