ਬਰਨਾਲਾ: ਸਕੂਲ ਸਿੱਖਿਆ, ਉੇਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੀਆਂ ਪ੍ਰਸ਼ਾਸਨਿਕ ਅਤੇ ਪੁਲੀਸ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਿਕ ਤੋਂ ਨਸ਼ਿਆਂ ਖਿਲਾਫ ਮੁਹਿੰਮ, ਅਮਨ-ਕਾਨੂੰਨ ਵਿਵਸਥਾ ਤੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ। ਉਨਾਂ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਨਸ਼ਿਆਂ ਖਿਲਾਫ਼ ਪ੍ਰਭਾਵਸ਼ਾਲੀ ਮੁਹਿੰਮ ਵਿੱਢੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਕੱਢ ਕੇ ਸਿਹਤਯਾਬ ਜੀਵਨਸ਼ੈਲੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਉਨਾਂ ਬਰਨਾਲਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ ਵੀ ਜਾਇਜ਼ਾ ਲਿਆ ਅਤੇ ਇਸ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਨਾਂ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਤੋਂ ਜ਼ਿਲ੍ਹੇ ਦੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਅਤੇ ਸਾਰੇ ਪ੍ਰਾਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ। ਉਨਾਂ ਵੱਖ ਵੱਖ ਵਿਭਾਗਾਂ ਨੂੰ ਸਰਕਾਰੀ ਫੀਸਾਂ ਸਬੰਧੀ ਰੇਟ ਸੂਚੀ ਦਫਤਰਾਂ ’ਚ ਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਲੋਕ ਆਪਣੇ ਕੰਮ ਕਰਾਉਣ ਲਈ ਸਰਕਾਰੀ ਫੀਸਾਂ ਬਾਰੇ ਜਾਗਰੂਕ ਹੋਣ।