ਬਰਨਾਲਾ :ਬਰਨਾਲਾ ਵਿਧਾਨ ਸਭਾ ਹਲਕੇ ਦੇ ਕਸਬਾ ਹੰਡਿਆਇਆ ਵਿੱਚ ਪਾਣੀ ਦੇ ਸੀਵਰੇਜ ਦੀ ਨਿਕਾਸੀ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਦਾ ਕੈਬਨਿਟ ਮੰਤਰੀ ਤੇ ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ 4 ਕਰੋੜ 2 ਲੱਖ ਰੁਪਏ ਦੀ ਗ੍ਰਾਂਟ ਨਾਲ ਕਸਬੇ ਵਿੱਚ ਸੀਵਰੇਜ ਦੀ ਸਮੱਸਿਆ ਦੇ ਹੱਲ ਦਾ ਦਾਅਵਾ ਵੀ ਕੀਤਾ ਹੈ। ਕਸਬੇ ਵਿੱਚ ਸੀਵਰੇਜ ਤੇ ਛੱਪੜ ਦੀ ਸਫ਼ਾਈ ਸਮੇਤ ਹੋਰ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੀ ਵੀ ਉਹਨਾਂ ਜਾਣਕਾਰੀ ਦਿੱਤੀ। ਜਦਕਿ ਪੀਐਸ ਟੈਟ ਪ੍ਰਸ਼ਨ ਪੱਤਰ ਵਿੱਚ ਤਰੁੱਟੀਆਂ ਦੇ ਮਾਮਲੇ ਵਿੱਚ ਅਣਗਹਿਲੀ ਲਈ ਜਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਵੀ ਉਨ੍ਹਾਂ ਵਲੋਂ ਕਹੀ ਗਈ ਹੈ।
ਸੀਵਰੇਜ ਦੀ ਸਮੱਸਿਆ ਦਾ ਹੱਲ :ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਹੰਡਿਆਇਆ ਵਿਖੇ 4 ਕਰੋੜ 2 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੀ ਸੀਵਰੇਜ ਨਿਕਾਸੀ ਦਾ ਉਦਘਾਟਨ ਕੀਤਾ ਗਿਆ ਹੈ। ਇਹ ਸਮੱਸਿਆ ਹੰਡਿਆਇਆ ਕਸਬੇ ਦੀ ਲੰਮੇ ਸਮੇਂ ਤੀ ਮੰਗ ਹੈ। ਕਿਉਂਕਿ ਹੰਡਿਆਇਆ ਦੀ ਬਹੁਤ ਪੁਰਾਣੀ ਅਤੇ ਵੱਡੀ ਸਮੱਸਿਆ ਸੀਵਰੇਜ ਦੀ ਰਹੀ ਹੈ। ਕਸਬੇ ਵਿੱਚ ਪਾਣੀ ਬਹੁਤ ਥਾਵਾਂ ਤੇ ਖੜਾ ਰਹਿੰਦਾ ਹੈ। ਇਸ ਪ੍ਰੋਜੈਕਟ ਨਾਲ ਹੰਡਿਆਇਆ ਕਸਬੇ ਵਿੱਚ ਸੀਵਰੇਜ ਦੀ ਸਾਰੀ ਸਮੱਸਿਆ ਦਾ ਹੱਲ ਹੋ ਸਕੇਗਾ। ਉਹਨਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਹੰਡਿਆਇਆ ਕਸਬੇ ਵਿੱਚ ਕਦੇ ਸੀਵਰੇਜ ਦੀ ਸਫ਼ਾਈ ਵੀ ਨਹੀਂ ਹੋਈ। ਇਸ ਕਾਰਜ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸੀਵਰੇਜ ਦੀ ਸਫਾਈ ਲਈ 25 ਲੱਖ ਰੁਪਏ, ਛੱਪੜਾਂ ਦੀ ਸਫ਼ਾਈ ਲਈ 10 ਲੱਖ ਰੁਪਏ ਅਤੇ 20 ਲੱਖ ਰੁਪਏ ਬਾਸਕਟਬਾਲ ਖੇਡ ਮੈਦਾਨ ਅਤੇ 15 ਲੱਖ ਰੁਪਏ ਕਸਬੇ ਦੀਆਂ ਧਰਮਸ਼ਾਲਾਵਾਂ ਲਈ ਜਾਰੀ ਕੀਤਾ ਗਿਆ ਹੈ।