ਬਰਨਾਲਾ: ਇਹ ਤਸਵੀਰਾਂ ਬਰਨਾਲਾ ਦੀਆਂ ਹਨ। ਜਿੱਥੇ ਇੱਕ ਨਿੱਜੀ ਜਗ੍ਹਾ ’ਤੇ ਰੱਖੇ ਗਏ ਸਮਾਗਮ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਸਨ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਪੌਜ਼ੀਟਿਵ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
ਇਸ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਭਾਂਵੇਂ ਪੰਜਾਬ ਸਰਕਾਰ ਆਮ ਜਨਤਾ ਨੂੰ ਸ਼ੋਸ਼ਲ ਡਿਸਟੈਂਸ ਰੱਖਣ ਦਾ ਪਾਠ ਪੜ੍ਹਾ ਰਹੀ ਹੈ। ਪਰ ਕੈਬਿਨੇਟ ਮੰਤਰੀ ਦੇ ਸਮਾਗਮਾਂ ਵਿੱਚ ਸ਼ਾਇਦ ਸ਼ੋਸ਼ਲ ਡਿਸਟੈਂਸ ਰੱਖਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ।
ਕੈਬਿਨੇਟ ਵਜ਼ੀਰ ਤੇ ਉਚ ਅਧਿਕਾਰੀਆਂ ਦੀ ਹਾਜ਼ਰੀ ’ਚ ਉਡੀਆਂ ਸ਼ੋਸ਼ਲ ਡਿਸਟੈਂਸ ਦੀਆਂ ਧੱਜੀਆਂ ਇਸਦਾ ਅੰਦਾਜ਼ਾ ਬਰਨਾਲਾ ਦੇ ਸਮਾਗਮ ਤੋਂ ਲਗਾਇਆ ਜਾ ਸਕਦਾ ਹੈ। ਆਮ ਜਨਤਾ ਦੇ ਖੁਸ਼ੀ ਗਮੀ ਦੇ ਸਮਾਗਮਾਂ ਲਈ ਇਕੱਠ ਕਰਨ ਲਈ ਇੱਕ ਸੀਮਾ ਬੰਨੀ ਗਈ ਹੈ। ਪਰ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂਦੇ ਸਮਾਗਮ ਵਿੱਚ ਸੈਂਕੜੇ ਲੋਕ ਸ਼ਾਮਲ ਹੋ ਸਕਦੇ ਹਨ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਕੋਰੋਨਾ ਵਾਇਰਸ ਮੰਤਰੀਆਂ, ਵੱਡੇ ਅਫ਼ਸਰਾਂ ਅਤੇ ਵਪਾਰੀਆਂ ਨੂੰ ਨਹੀਂ ਹੁੰਦਾ।
ਅੱਜ ਬਰਨਾਲਾ ਵਿੱਚ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਾਗਮ ਵਿੱਚ ਜ਼ਿਲ੍ਹੇ ਦੇ ਡੀਸੀ, ਐਸਐਸਪੀ ਤੋਂ ਲੈ ਕੇ ਹਰ ਛੋਟੇ ਵੱਡੇ ਅਫ਼ਸਰ ਸ਼ਾਮਲ ਸਨ। ਕਿਸੇ ਨੇ ਸ਼ੋਸ਼ਲ ਡਿਸਟੈਂਸ ਰੱਖਣਾ ਜ਼ਰੂਰੀ ਨਹੀਂ ਸਮਝਿਆ। ਹੋਰ ਤਾਂ ਹੋਰ ਕੈਮਰਿਆਂ ਸਾਹਮਣੇ ਆਪਣੀਆਂ ਸ਼ਕਲਾਂ ਦਿਖਾਉਣ ਲਈ ਮੂੰਹ ਤੋਂ ਮਾਸਕ ਤੱਕ ਉਤਾਰ ਦਿੱਤੇ ਗਏ।
ਸਮਾਗਮ ਦੌਰਾਨ ਕੈਬਿਨੇਟ ਮੰਤਰੀ ਆਸ਼ੂ ਨੂੰ ਹਾਜ਼ਰ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਿਰੋਪਾਓ ਅਤੇ ਮੈਡਲਾਂ ਦੇ ਸਨਮਾਨ ਵੀ ਕੀਤੇ ਗਏ ਅਤੇ ਆਪਸ ਵਿੱਚ ਜੁੜ ਜੁੜ ਕੇ ਤਸਵੀਰਾਂ ਖਿਚਵਾਈਆਂ ਗਈਆਂ। ਜੋ ਇਹ ਸਾਬਤ ਕਰਦੀਆਂ ਹਨ ਕਿ ਸਰਕਾਰੀ ਵਜ਼ੀਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਹੈ ਅਤੇ ਇਹ ਡਰ ਸਿਰਫ਼ ਆਮ ਲੋਕਾਂ ਲਈ ਹੀ ਹੈ।
ਦੱਸ ਦਈਏ ਕਿ ਇਸ ਸਮਾਗਮ ਦੌਰਾਨ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਪਾਰੀਆਂ, ਕਿਸਾਨਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਮਿਲੇ ਸਨ। ਇਸ ਦੌਰਾਨ ਕੈਬਿਨੇਟ ਮੰਤਰੀ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਅਤੇ ਮਸਲੇ ਵਿਚਾਰੇ ਗਏ। ਇਸ ਉਪਰੰਤ ਕੈਬਿਨੇਟ ਵਜ਼ੀਰ ਆਸ਼ੂ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਰਕਾਰ ਵਲੋਂ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।