ਬਰਨਾਲਾ:ਜ਼ਿਲ੍ਹੇ ਵਿੱਚ ਵਿਖੇ ਬੀਤੀ ਰਾਤ ਜਿੱਥੇ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ, ਉੱਥੇ ਹੀ ਬੀਪੀਐਡ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰਾਂ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਚੱਲਦੇ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਉੱਪਰ ਦੀ ਲੰਘ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਕੋਲ ਪਹੁੰਚ ਗਏ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਇਸ ਧੱਕਾ ਮੁੱਕੀ ਵਿੱਚ ਅਧਿਆਪਕਾਂ ਦੀਆਂ ਪੱਗਾਂ ਲੱਥੀਆਂ ਹਨ। ਇਸ ਦੇ ਰੋਸ ਵਜੋਂ ਅਧਿਆਪਕਾਂ ਵੱਲੋਂ ਜੰਮਕੇ ਸਿੱਖਿਆ ਮੰਤਰੀ ਅਤੇ ਭਗਵੰਤ ਮਾਨ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਉਨ੍ਹਾਂ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਸਿਰਫ ਪਾਰਟੀ ਦਾ ਨਾਮ ਬਦਲਿਆ ਹੈ ਬਾਕੀ ਸਭ ਪੁਰਾਣੀਆਂ ਸਰਕਾਰਾਂ ਵਾਲਾ ਕੰਮ ਹੀ ਹੈ ਕਿਉਂਕਿ ਇਸ ਸਰਕਾਰ ਵੱਲੋਂ ਵੀ ਉਨ੍ਹਾਂ ਦੀਆਂ ਪੱਗਾਂ ਲਾਹੀਆਂ ਜਾ ਰਹੀਆਂ ਹਨ।
ਇਸ ਦੌਰਾਨ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਤਿੱਖਾ ਸੰਘਰਸ਼ ਵਿੱਢਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਮੀਤ ਹੇਅਰ ਦੀ ਕੋਠੀ ਨੇੜੇ ਕਚਹਿਰੀ ਚੌਂਕ ਨੂੰ ਸਾਰੇ ਪਾਸਿਆਂ ਤੋਂ ਜਾਮ ਕਰਕੇ ਬੀਪੀਐਡ ਯੂਨੀਅਨ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।