ਬਰਨਾਲਾ :ਪੰਜਾਬ ਸਰਕਾਰ ਦੇ ਕਾਲਜਾਂ ਵਿੱਚ ਦਾਖਲੇ ਲਈ ਸ਼ੁਰੂ ਕੀਤੇ ਸੈਂਟਰਲ ਐਡਮਿਸ਼ਨ ਪੋਰਟਲ ਨੂੰ ਲੈ ਕੇ ਬਰਨਾਲਾ ਵਿੱਚ ਕਾਲਜਾਂ ਅਤੇ ਅਧਿਆਪਕਾਂ ਵਲੋਂ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਬਰਨਾਲਾ ਦੇ ਏਡਿਡ ਐਸਡੀ ਕਾਲਜ ਦੇ ਅਧਿਆਪਕਾਂ ਵਲੋਂ ਬਾਈਕਾਟ ਕਰ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਕਾਲਜ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੇਪਰ ਲਏ ਜਾ ਰਹੇ ਹਨ। ਕਾਲਜ ਅਤੇ ਅਧਿਆਪਕਾਂ ਦੇ ਹੱਕ ਵਿੱਚ ਵਿਦਿਆਰਥੀਆਂ ਨੇ ਵੀ ਐਡਮਿਸ਼ਨ ਪੋਰਟਲ ਨੂੰ ਬੰਦ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਐਡਮਿਸ਼ਨ ਪੋਰਟਲ ਨਾਲ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਵੱਡਾ ਨੁਕਸਾਨ ਹੋਵੇਗਾ, ਜਿਸ ਕਰਕੇ ਸਰਕਾਰ ਇਸ ਐਡਮਿਸ਼ਨ ਪੋਰਟਲ ਨੂੰ ਤੁਰੰਤ ਬੰਦ ਕਰੇ।
ਸੈਂਟਰਲ ਐਡਮੀਸ਼ਨ ਪੋਰਟਲ ਰਾਹੀਂ ਕਾਲਜਾਂ ਦੇ ਫੰਡ ਹੜੱਪਣਾ ਚਾਹੁੰਦੀ ਸਰਕਾਰ :ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਡਾ. ਰਮਾ ਸ਼ਰਮਾ ਅਤੇ ਪ੍ਰੋ. ਬਹਾਦਰ ਸਿੰਘ ਨੇ ਕਿਹਾ ਕਿ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਿਜ਼ ਮੈਨੇਜਮੈਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ ਅਤੇ ਅਣ ਏਡਿਡ ਪ੍ਰਾਈਵੇਟ ਕਾਲਜਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ (ਜੇਏਸੀ) ਦੇ ਸੱਦੇ ਉਤੇ ਪੇਪਰਾਂ ਦਾ ਬਾਈਕਾਟ ਕੀਤਾ ਗਿਆ ਹੈ। ਅੱਜ ਦਾ ਬਾਈਕਾਟ ਵਿਦਿਆਰਥੀਆਂ ਦਾ ਨੁਕਸਾਨ ਕਰਨ ਲਈ ਨਹੀਂ ਕੀਤਾ ਗਿਆ, ਬਲਕਿ ਪੰਜਾਬ ਸਰਕਾਰ ਵਲੋਂ ਕਾਲਜਾਂ ਵਿੱਚ ਦਾਖਲਿਆਂ ਲਈ ਸੈਂਟਰਲ ਐਡਮਿਸ਼ਨ ਪੋਰਟਲ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਛੱਡ ਕੇ ਸਰਕਾਰੀ ਯੂਨੀਵਰਸਿਟੀਆਂ ਦੇ ਅਧੀਨ ਆਉਂਦੇ ਸਾਰੇ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਐਡਮਿਸ਼ਨ ਪੋਰਟਲ ਰਾਹੀਂ ਸਰਕਾਰ ਕਾਲਜਾਂ ਨੂੰ ਫੀਸ ਰਾਹੀਂ ਮਿਲਦੇ ਸਾਰੇ ਫ਼ੰਡ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ ਅਤੇ ਬਾਅਦ ਵਿੱਚ ਸਰਕਾਰ ਕਾਲਜਾਂ ਨੂੰ ਫ਼ੰਡ ਵਾਪਸ ਕਰੇਗੀ ਜਾਂ ਨਹੀਂ ਇਸ ਬਾਰੇ ਵੀ ਕੁੱਝ ਪਤਾ ਨਹੀਂ ਹੈ।