ਬਰਨਾਲਾ: ਆਪਣੀ ਸਾਰੀ ਉਮਰ ਲੋਕ-ਕਾਵਿ ਦੇ ਲੇਖੇ ਲਾਉਣ ਵਾਲਾ ਭਗਤੂ ਸਿੰਘ, ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕਿਆ ਹੈ ਪਰ ਹਾਲੇ ਵੀ ਮਲਵਈ ਗਿੱਧੇ ਵਿੱਚ ਬੋਲੀਆਂ ਪਾਉਣ ਦੀ ਸ਼ਿੱਦਤ ਕਿਸੇ ਗੱਲੋਂ ਘਟੀ ਨਹੀਂ।
ਪਿੰਡ ਕੱਟੂ, ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਭਗਤੂ ਸਿੰਘ, ਛੋਟੀ ਉਮਰ ਵਿੱਚ ਹੀ ਖੇਤਾਂ ਵਿੱਚ ਮੱਝਾਂ ਚਾਰਨ ਜਾਂਦੇ ਸਮੇਂ ਬੋਲੀਆਂ ਪਾਉਣ ਲੱਗ ਗਿਆ ਸੀ। ਹੌਲ਼ੀ-ਹੌਲ਼ੀ ਮੇਲਿਆਂ 'ਤੇ ਜਾਣ ਲੱਗਿਆ ਅਤੇ ਮਲਵਈ ਗਿੱਧੇ ਦੀਆਂ ਢਾਣੀਆਂ ਦਾ ਸਿਰਕੱਢ ਬੋਲੀਕਾਰ ਬਣ ਗਿਆ। ਅੱਖਰ ਗਿਆਨ ਤੋਂ ਕੋਰੇ ਅਨਪੜ ਭਗਤੂ ਦੀ ਕਾਵਿ-ਕਲਾ ਨੇ ਵੱਡੇ-ਵੱਡੇ ਵਿਦਵਾਨਾਂ ਨੂੰ ਵੀ ਉਸਦੇ ਪਿੰਡ ਪਹੁੰਚਣ ਲਈ ਮਜਬੂਰ ਕਰ ਦਿੱਤਾ।
ਭਗਤੂ ਵਲੋਂ ਹੁਣ ਤੱਕ ਹਜ਼ਾਰਾਂ ਬੋਲੀਆਂ ਘੜੀਆਂ ਜਾ ਚੁੱਕੀਆਂ ਹਨ, ਜੋ ਪੰਜ ਛੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਵੀ ਹੋ ਚੁੱਕੀਆਂ ਹਨ।
ਮਲਵਈ ਗਿੱਧੇ ਵਿੱਚ ਉਸ ਬੋਲੀਕਾਰ ਨੂੰ ਚੋਟੀ ਦਾ ਬੋਲੀਕਾਰ ਮੰਨਿਆ ਜਾਂਦਾ ਹੈ। ਜੋ ਬੋਲੀ ਪਾਉਂਦਾ ਹੋਇਆ ਬੋਲੀ ਟੁੱਟਣ ਨਾ ਦੇਵੇ ਅਤੇ ਮੌਕੇ ਮੁਤਾਬਿਕ ਤੁਰੰਤ ਬੋਲੀ ਜੋੜ ਕੇ ਆਪਣੇ ਵਿਰੋਧੀ ਦੀ ਬੋਲੀ ਦਾ ਜਵਾਬ ਦੇ ਸਕੇ। ਮਲਵਈ ਗਿੱਧੇ ਵਿੱਚ ਇਸ ਨੂੰ ਤੁਰਤ-ਫੁਰਤ ਦੀ ਬੋਲੀ ਵੀ ਕਿਹਾ ਜਾਂਦਾ ਹੈ । ਤੁਰਤ-ਫੁਰਤ ਬੋਲੀ ਜੋੜਨ ਵਿੱਚ ਭਗਤੂ ਦਾ ਕੋਈ ਵੀ ਸਾਨੀ ਨਹੀਂ ਸੀ। ਆਪਣੇ ਸਮੇਂ ਦੇ ਧਨੰਤਰ ਬੋਲੀਕਾਰਾਂ ਨੂੰ ਉਸਨੇ ਅਨੇਕਾਂ ਵਾਰ ਛਪਾਰ ਦੇ ਮੇਲੇ 'ਤੇ ਪਛਾੜਿਆ। ਪਰ ਆਪ ਨਹੀਂ ਕਿਸੇ ਤੋਂ ਹਾਰ ਮੰਨੀ।