ਬਰਨਾਲਾ: ਥਾਣਾ ਭਦੌੜ ਅਧੀਨ ਆਉਂਦੇ ਪਿੰਡ ਨੈਣੇਵਾਲ ਦੀ ਸਮਨਦੀਪ ਕੌਰ ਦੀ ਕੈਨੇਡਾ 'ਚ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਮਨਦੀਪ ਕੌਰ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਨੈਣੇਵਾਲ 'ਚ ਸੋਗ ਲਹਿਰ ਫੈਲ ਗਈ।
ਮ੍ਰਿਤਕ ਸਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਜੱਸੂ ਨੇ ਦੱਸਿਆ ਕਿ ਸਮਨਦੀਪ ਕੌਰ ਦੀ ਉਮਰ 23 ਸਾਲ ਹੈ ਤੇ ਉਹ 4 ਸਾਲ ਪਹਿਲਾਂ ਉਚੇਰੀ ਸਿਖਿਆ ਹਾਸਲ ਕਰਨ ਲਈ ਸਟੱਡੀ ਵੀਜ਼ੇ 'ਤੇ ਕੈਨੇਡਾ ਦੇ ਟੋਰਾਂਟੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਮਨਦੀਪ ਪੜ੍ਹਾਈ ਪੂਰੀ ਕਰਨ ਉਪਰੰਤ 2 ਮਹੀਨੇ ਪਹਿਲਾਂ ਹੀ ਟਰਾਂਟੋ ਤੋਂ ਆਪਣੀ ਵਿਆਹੁਤਾ ਚੇਚੇਰੀ ਭੈਣ(ਤਾਏ ਦੀ ਕੁੜੀ) ਕੋਲ ਸਸਕੈਚੇਵਿਨ ਚੱਲੀ ਗਈ।ਉਨ੍ਹਾਂ ਦੱਸਿਆ ਕਿ ਵਿਆਹੁਤਾ ਕੁੜੀ ਦੇ ਹੀ 2 ਬੱਚੇ ਹਨ ਤੇ ਪਤੀ ਨਾਲ ਮਤਭੇਦ ਹੋਣ ਕਾਰਨ ਉਹ ਆਪਣੇ 2 ਬਚਿਆਂ ਨਾਲ ਪਤੀ ਤੋਂ ਵੱਖ ਰਹਿੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਚਚੇਰੀ ਭੈਣ ਕੰਮ ਤੋਂ ਘਰ ਪਰਤੀ ਸੀ ਤਾਂ ਉਸ ਨੇ ਸਮਨਦੀਪ ਕੌਰ ਨੂੰ ਘਰ 'ਚ ਨਹੀਂ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਘਰ 'ਚ ਸਮਨਦੀਪ ਦੀ ਭਾਲ ਕੀਤੀ ਤਾਂ ਸਮਨਦੀਪ ਕੌਰ ਦੀ ਲਾਸ਼ ਬੇਸਮੈਂਟ 'ਚ ਮਿਲੀ। ਇਸ ਮਗਰੋਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਮਨਦੀਪ ਨੇ ਸ਼ੁੱਕਰਵਾਰ ਨੂੰ ਪੀ.ਆਰ ਦੀ ਫ਼ਾਈਲ ਲਾਉਣ ਲਈ ਬਿਨੀਪੈਗ ਆਈਲੈਟਸ ਦਾ ਪੇਪਰ ਦੇਣ ਜਾਣਾ ਸੀ। ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਮਨਦੀਪ ਕੌਰ ਦੇ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਸਮਨਦੀਪ ਕੌਰ ਦੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ:ਕਾਨਪੁਰ ਐਨਕਾਊਂਟਰ ਮਾਮਲਾ: ਵਿਕਾਸ ਦੂਬੇ ਦੀ ਗ਼ੈਰ-ਕਾਨੂੰਨੀ ਜਾਇਦਾਦ ਜ਼ਬਤ, ਜੇਸੀਬੀ ਨਾਲ ਢਾਇਆ ਘਰ